ਭਵਿੱਖ

“ਮੈਂ ਕਿਹਾ ਜੀ, ਉਠੋ, ਤੁਹਾਨੂੰ ਕੋਈ ਮਾਂਵਾਂ ਧੀਆਂ ਟੇਵਾ ਵਿਖਾਉਣ ਆਈਆਂ ।”ਪੰਡਤ ਜੀ ਦੀ ਘਰਵਾਲੀ ਨੇ ਪੰਡਤ ਜੀ ਨੂੰ ਕਿਹਾ ।
“ਕੀ ਹੋਇਆ।।? ਐਨਾ ਸੋਹਣਾ ਸੁਪਨਾ ਆ ਰਿਹਾ ਸੀ ਸਾਰਾ ਹੀ ਖਰਾਬ ਕਰ ਦਿੱਤਾ ।”ਪੰਡਤ ਨੇ ਪੁੱਛਿਆ
“ਉਠ ਕੇ ਮੂੰਹ ਧੋ ਲਉ,ਕੋਈ ਟੇਵਾ ਵਿਖਾਉਣ ਆਇਆ ।”ਘਰਵਾਲੀ ਗੁੱਸੇ ਚ ਬੋਲੀ ਤੇ ਰਸੋਈ ਚ ਚਲੀ ਗਈ ਤੇ ਪੰਡਤ ਜੀ ਮੂੰਹ ਹੱਥ ਧੋ ਪੰਜ ਇਸ਼ਨਾਨਾ ਕਰਕੇ ਬੈਠਕ ਚ ਚਲੇ ਗਏ ।
“ਪੰਡਤ ਜੀ ਨਮਸ਼ਕਾਰ ।”ਬੈਠਕ ਚ ਬੈਠੀ ਕੁੜੀ ਤੇ ਉਸਦੀ ਮਾਂ ਨੇ ਕਿਹਾ ।
“ਨਮਸ਼ਕਾਰ ਭਾਈ ਨਮਸ਼ਕਾਰ,ਹਾਂ ਭਾਈ ਪੁਛੋ ਕੀ ਪੁੱਛਣਾ …।।?” ਪੰਡਤ ਜੀ ਨੇ ਅੱਖਾਂ ਬੰਦ ਕਰਕੇ ਕਿਹਾ ।
“ਪੰਡਤ ਜੀ ਕੁੜੀ ਨੇ ਪਲੱਸ ਟੂ ਕਰ ਲਈ ਹੈ ਤੇ ਹੁਣ ਨਰਸਿੰਗ ਦਾ ਕੋਰਸ ਕਰਨਾ ਚਾਹੁੰਦੀ ਆ,ਕਰਾ ਦੇਈਏ ਕੋਰਸ ਏਹਨੂੰ ਕੇ ਨਾ ਕਰਾਈਏ ?”
“ਕਰੋ ਭਾਈ ਕਰੋ,ਦੱਬ ਕੇ ਪੜੋ,ਤੂੰ ਭਾਈ ਕੁੜੀਏ ਨਰਸ ਬਨਣਾ ?”ਅੱਖਾਂ ਬੰਦ ਹੀ ਰੱਖੀਆਂ ।
“ਹਾਂ ਪੰਡਤ ਜੀ ਮੈਂ ਨਰਸ ਬਣ ਕੇ ਕਨੈਡਾ ਜਾਂ ਅਮਰੀਕਾ ਸੈਟਲ ਹੋਣਾ ਚਾਹੁੰਦੀ ਹਾਂ ਵੇਖੋ ਮੇਰਾ ਟੇਵਾ ਮੈਂ ਜਾ ਸਕਾਂਗੀ ਕਿ ਨਹੀਂ…। ?” ਕੁੜੀ ਨੇ ਪੰਡਤ ਜੀ ਦੇ ਮੂੰਹ ਵੱਲ ਬੜੀ ਗੁਹ ਨਾਲ ਵੇਖਿਆ
ਦਸ ਪੰਦਰਾਂ ਮਿੰਟ ਟੇਵੇ ਨੂੰ ਫਰੋਲ ਕੇ ਪੰਡਤ ਜੀ ਅੱਖਾਂ ਬੰਦ ਕਰਕੇ ਬੋਲੇ
“ਬਹੁਤ ਔਖਾ ਹੈ,ਤੇਰੇ ਭਵਿੱਖ ਨੂੰ ਤੇਰੇ ਗ੍ਰਹਿਾਂ ਨੂੰ ਬੜੀ ਗੁਹ ਨਾਲ ਵੇਖਿਆ…?”
“ਪੰਡਤ ਜੀ ਕੋਈ ਉਪਾਏ………।।?”ਕੁੜੀ ਦੀ ਮਾਂ ਬੋਲੀ
“ਉਪਾਏ ਹੈ……।! ਮੈਂ ਲਗਾਤਾਰ ਚਾਲੀ ਦਿਨ ਹਵਨ ਕਰਾਂਗਾ,ਤੂੰ ਨਰਸ ਬਣ ਕੇ ਫਾਰਨ ਕੰਟਰੀ ਫੋਰਨ ਚਲੀ ਜਾਂਵੇਂਗੀ ।” ਪੰਡਤ ਜੀ ਦੀਆਂ ਅੱਖਾਂ ਹੁਣ ਵੀ ਬੰਦ ਸਨ ।
“ਪੰਡਤ ਜੀ ਕਿੰਨਾ ਕੁ ਖਰਚਾ ਆ ਜਾਵੇਗਾ……।?” ਕੁੜੀ ਦੀ ਮਾਂ ਨੇ ਪੁਛਿਆ
“ਇਹੀ ਕੋਈ ਗਿਆਰਾਂ ਕੁ ਹਜ਼ਾਰ……।!”ਪੰਡਤ ਜੀ ਨੇ ਜਕਦੇ ਹੋਏ ਨੇ ਕਿਹਾ । ਅੱਖਾਂ ਹੁਣ ਵੀ ਬੰਦ ਸਨ ।
ਪੰਡਤ ਜੀ ਦੇ ਚੇਹਰੇ ਨੂੰ ਤੇ ਉਸਦੇ ਪਾਏ ਘਸੇ ਹੋਏ ਕੁੜਤੇ ਪਜ਼ਾਮੇ ਨੂੰ ਤੇ ਪੁਰਾਣੀ ਟੈਲ ਬੱਤੇ ਦੀ ਪਈ ਛੱਤ ਨੂੰ ਪੁਰਾਣੇ ਦੋਣ ਦੇ ਮੰਜੇ ਨੂੰ ਵੇਖ ਕੇ ਕੁੜੀ ਬੋਲੀ
“ਪੰਡਤ ਜੀ ਤੁਸੀਂ ਆਪਣਾ ਵਰਤਮਾਨ ਵੇਖੋ,ਮੈਂ ਵੀ ਆਪਣਾ ਵਰਤਮਾਨ ਵੇਖਦੀ ਹਾਂ ਤੇ ਭੱਵਿਖ ਵੀ ਵੇਖਾਂਗੀ,ਚੱਲ ਮਾਂ ਚੱਲੀਏ ।”
ਪੰਡਤ ਜਾਂਦੀਆਂ ਮਾਵਾਂ ਧੀਆਂ ਨੂੰ ਵੇਖਦਾ ਹੀ ਰਹਿ ਗਿਆ । ਪੰਡਤ ਜੀ ਦੀਆਂ ਬੰਦ ਅੱਖਾਂ ਖੁੱਲ ਗਈਆਂ ਸਨ ।

****

No comments:

Post a Comment