ਚੇਹਰੇ

ਦਿੱਲੀ ਸ਼ਹਿਰ । ਦੋ ਦਿਨ ਦਾ ਕੰਮ ਸੀ । ਮੈਂ ਸੜਕ ਦੇ ਕਿਨਾਰੇ ਤੇ ਕੜਾਕੇ ਦੀ ਠੰਡ ਚ ਇਕ ਬਿਨਾਂ ਲੱਤਾਂ ਬਾਹਾਂ ਤੋਂ ਇਕ ਭਿਖਾਰੀ ਨੂੰ ਫਟੇ ਪੁਰਾਣੇ ਕਪੜਿਆਂ ਚ ਇਕ ਦਰੀ ਤੇ ਪਏ ਨੂੰ ਭੀਖ ਮੰਗਦੇ ਹੋਏ ਵੇਖਿਆ । ਮੈਨੂੰ ਉਸਤੇ ਤਰਸ ਆਇਆ ਮੈਂ ਗੱਡੀ ਚੋਂ ਆਪਣੇ ਬੈਗ ਚੋਂ ਕੁਝ ਕਪੜੇ ਤੇ ਇਕ ਕੰਬਲ ਕੱਢ ਕੇ ਭਿਖਾਰੀ ਨੂੰ ਦੇ ਦਿੱਤਾ ਤੇ ਮਨ ਹੀ ਮਨ ਸੋਚਿਆ ਪ੍ਰਮਾਤਮਾ ਦੇ ਕੀ ਰੰਗ ਨੇ ਵਿਚਾਰੇ ਦੀ ਕੀ ਕਿਸਮਤ ? ਮੈਂ ਸੋਚਿਆ ਕਿ ਕੱਲ ਨੂੰ ਮੈਂ ਫੇਰ ਆ ਕੇ ਇਸਨੂੰ ਕੁੱਝ ਪੈਸੇ ਦੇ ਦੇਵਾਂਗਾ । ਸਾਰੀ ਰਾਤ ਮੈਂ ਉਸ ਭਿਖਾਰੀ ਤੇ ਉਸ ਵਰਗੇ ਬੰਦਿਆਂ ਬਾਰੇ ਸੋਚਦਾ ਰਿਹਾ । ਅਗਲੇ ਦਿਨ ਸਵੇਰੇ ਸਵੇਰੇ ਮੈਂ ਏ ਟੀ ਐਮ ਚੋਂ ਪੈਸੇ ਕੱਢਵਾ ਕੇ ਉੱਥੇ ਗਿਆ ਜਿੱਥੇ ਭਿਖਾਰੀ ਪਿਆ ਸੀ । ਪਰ ਅੱਜ ਉੱਥੇ ਭਿਖਾਰੀ ਨਹੀਂ ਸੀ ਤੇ ਨਾ ਹੀ ਕੋਈ ਦਰੀ ਵਿਛੀ ਸੀ । ਮੈਂ ਫੁਟਪਾਥ ਦੇ ਕੋਲ ਦੁਕਾਨ ਵਾਲੇ ਕੋਲੋਂ ਪੁਛਿਆ ਤਾਂ ਉਹ ਹੱਸ ਪਿਆ ਤੇ ਬੋਲਿਆ “ਬਸ ਆਉਣ ਹੀ ਵਾਲੇ ਨੇ ਸਾਹਬ ਜੀ ।” ਤਦੇ ਹੀ ਇਕ ਲੰਬੀ ਕਾਰ ਰੁਕੀ ਉਸ ਵਿਚੋਂ ਦੋ ਬੰਦੇ ਨਿਕਲੇ ਉਹਨਾਂ ਨੇ ਛੇਤੀ ਛੇਤੀ ਇਕ ਪਾਟੀ ਜਿਹੀ ਦਰੀ ਵਿਛਾਈ ਤੇ ਦੂਜੇ ਨੇ ਉਸ ਬਿਨਾਂ ਲੱਤਾਂ ਬਾਹਾਂ ਵਾਲੇ ਭਿਖਾਰੀ ਨੂੰ ਦਰੀ ਤੇ ਪਾਅ ਦਿੱਤਾ ਤੇ ਉਸਦੇ ਅੱਖਾਂ ਚ ਦਵਾਈ ਪਾਈ ਤੇ ਮੂੰਹ ਤੇ ਕਾਲੇ ਪੀਲੇ ਰੰਗ ਜਿਹੇ ਮਲ ਕੇ ਕਾਫੀ ਸਾਰੀ ਭਾਨ ਉਹਦੇ ਦੁਆਲੇ ਸੁਟ ਕੇ ਚਲੇ ਗਏ । ਦੁਕਾਨਦਾਰ ਸਮਝਦਾਰ ਸੀ ਤੇ ਉਹ ਮੇਰੇ ਚੇਹਰੇ ਤੋਂ ਸਾਰਾ ਕੁਛ ਪੜ ਚੁਕਿਆ ਸੀ ਉਸਨੇ ਮੇਰੇ ਮੋਢੇ ਤੇ ਹੱਥ ਰੱਖ ਕੇ ਕਿਹਾ ਬਾਬੂ ਜੀ “ਇਹ ਮਹਾਂਨਗਰ ਹੈ ਏਥੇ ਤੁਸੀਂ ਕਿਸੇ ਬਾਰੇ ਸੋਚ ਸਕਦੇ ਹੋ ਤਾਂ ਸੁਖਾਂਤ ਹੈ ਜੇ ਮਹਿਸੂਸ ਕਰ ਗਏ ਤਾਂ ਦੁਖਾਂਤ ਹੈ ।”ਮੈਂ ਵਾਪਿਸ ਪਿੰਡ ਆ ਗਿਆ ਸੀ ।

****

No comments:

Post a Comment