ਝੋਲੀ ਵਾਲਾ ਕੁੜਤਾ ਪਜਾਮਾ ਬਨਾਮ ਖਾਕੀ ਨੀਕਰ

ਇੱਕ ਦਰਜੀ ਸੀ । ਉਹ ਬਹੁਤ ਬੜਬੋਲਾ ਸੀ । ਇੱਕ ਰਾਂਝੇ ਨੇ ਉਸ ਨੂੰ ਕਾਲੇ ਰੰਗ ਦਾ ਝੋਲੀ ਵਾਲਾ ਕੁੜਤਾ ਪਜਾਮਾ ਬਨਣਾ ਦੇ ਦਿੱਤਾ । ਦਰਜੀ ਨੇ ਬੋਲਦੇ ਬੋਲਦੇ, ਝੋਲੀ ਵਾਲਾ ਕੁੜਤਾ ਪਜਾਮਾ ਬਣਾਉਂਦੇ ਬਣਾਉਂਦੇ ਝੋਲੀ ਵਾਲੀ ਨੀਕਰ ਬਣਾ ਦਿੱਤੀ ਤੇ ਆਪਣੀ ਗਲਤੀ ਛਪਾਉਣ ਦੀ ਖਾਤਰ ਨੇ ਨੀਕਰ ਦੁਆਲੇ ਖਾਕੀ ਝਾਲਰ ਲਾ ਦਿੱਤੀ । ਝੋਲੀ ਵਾਲੇ ਪਜ਼ਾਮੇ ਕੁਰਤੇ ਵਾਲੇ ਰਾਂਝੇ ਨੇ ਪੁੱਛਿਆ ਇਹ ਕੀ ? ਤਾਂ ਦਰਜੀ ਕਹਿੰਦਾ “ਭਾਈ ਇਸ  ਨੀਕਰ ਦੇ ਬਹਤ ਫਾਇਦੇ ਨੇ । ਤੁਸੀਂ ਇਸ ਨੂੰ ਪਾ ਕੇ ਸਵੇਰੇ ਸੈਰ ਤੇ ਜਾ ਸਕਦੇ ਹੋ ।” ਤਾਂ ਅੱਗੋਂ ਰਾਂਝੇ ਨੇ ਕਿਹਾ “ਹੁਣ ਤਾਂ ਠੰਡ ਹੈ ।” ਤਾਂ ਅੱਗੋਂ ਦਰਜੀ ਕਹਿੰਦਾ “ਤੁਸੀਂ ਹੁਣ ਇਸ ਨੂੰ ਟਰੈਕ ਪੈਂਟ ਦੇ ਥੱਲੇ ਪਾ ਕੇ ਸੈਰ ਲਈ ਜਾ ਸਕਦੇ ਹੋ । ਤੁਸੀਂ ਇਸ ਨੂੰ ਘਰ ਨਾਈਟ ਨੀਕਰ ਲਈ ਵੀ ਵਰਤ ਸਕਦੇ ਹੋ । ਆਫਿਸ ਟਾਈਮ ਇਸ ਨੂੰ ਤੁਸੀਂ ਪੈਂਟ ਦੇ ਥੱਲੇ ਦੀ ਪਾ ਸਕਦੇ ਹੋ । ਤਾਂ ਅੱਗੋਂ ਮਾਲਿਕ ਨੇ ਪੁੱਛਿਆ ਕੁੜਤੇ ਦਾ ਕੀ ਕਰਾਂ ? ਨੀਕਰ ਨਾਲ ਕੁੜਤਾ ਤਾਂ ਬਹੁਤ ਭੈੜਾ ਲੱਗੂ ।” ਤਾਂ ਅੱਗੋਂ ਦਰਜੀ ਕਹਿੰਦਾ, “ਕਾਲਾ ਤਾਂ ਵੈਸੇ ਹੀ ਮਾੜਾ ਹੁੰਦਾ ਹੈ, ਇਸ ਕਰਕੇ ਮੈਂ ਨੀਕਰ ਚ ਜਿਆਦਾ ਕੱਪੜਾ ਖਾਕੀ ਦਾ ਪਾ ਦਿੱਤਾ । ਕਾਲੇ ਕੱਪੜੇ ਤੇ ਕਾਲੀਆਂ ਚੀਜ਼ਾਂ ਤਾਂ ਵੈਸੇ ਹੀ ਦੇਸ਼ ਨੂੰ ਨੀਂਵਾ ਲਿਜਾ ਰਹੀਆਂ ਨੇ । ਹੁਣ ਰਾਂਝੇ ਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਕੁੜਤੇ ਨਾਲ ਨੀਕਰ ਕਿਵੇਂ ਪਾਵਾਂ ਜਾਂ ਕੁੜਤੇ ਨਾਲ ਪੈਂਟ ਕਿਵੇਂ ਪਾਵਾਂ ਉਹ ਬੜਬੋਲੇ ਦਰਜੀ ਨੂੰ ਰਾਂਝਾ ਕਹਿੰਦਾ “ਤੈਨੂੰ ਦਰਜੀ ਕੀਹਨੇ ਬਣਾਇਆ?” ਤਾਂ ਅੱਗੋਂ ਦਰਜੀ ਕਹਿੰਦਾ “ਤੁਸੀਂ ਲੋਕਾਂ ਨੇ ਬਣਾਇਆ ਦਰਜੀ, ਮੈਂ ਤਾਂ ਪਹਿਲਾਂ ਚੰਗਾ ਭਲਾ ਲੈਕਚਰ ਕਰਨ ਵਾਲਾ ਬੰਦਾ ਸੀ, ਮੇਰੇ ਤੋਂ ਬੋਲੇ ਬਿਨਾਂ ਰਿਹਾ ਨਹੀਂ ਜਾਂਦਾ । ਰਾਂਝਾ ਬੇਹੋਸ਼ ਸੀ ।
ਮਾਰਲ-ਵੋਟ ਸੋਚ ਸਮਝ ਕੇ ਪਾਉ, ਨਹੀਂ ਤਾਂ ਨਾ ਝੋਲੀ ਵਾਲਾ ਪਜਾਮਾ ਕੰਮ ਆਉਣਾ ਨਾ ਕੁੜਤਾ ।
****

ਸੀ. ਆਰ. ਪੀ. ਵਾਲਾ

ਮੇਰੇ ਇਕ ਦੋਸਤ ਨੇ ਮੋਗੇ ਨਵਾਂ ਨਵਾਂ ਆਈਲੈਟ ਸੈਂਟਰ ਯਾਨੀ ਕਿ ਅੰਗਰੇਜੀ ਸਿਖਾਉਣ ਦਾ ਦਫਤਰ ਖੋਲਿਆ ਹੈ ਤਾਂ ਉਹ ਜਿਥੇ ਦਫਤਰ ਖੋਲਿਆ ਹੈ ਉਸ ਬਿਲਡਿੰਗ ਚ ਬੈਸਮੈਂਟ ਚ ਉੱਥੇ ਬੀਤੀ ਰਾਤ ਸੀ. ਆਰ. ਪੀ.  ਨੂੰ ਠਹਿਰਾਇਆ ਗਿਆ ਹੈ ਅੱਜ ਜਦੋਂ ਉਹ ਸਵੇਰੇ ਪੰਜ ਵਜੇ ਦਫਤਰ ਖੋਲਣ ਲੱਗੇ ਤਾਂ ਠੰਡੀ ਹਵਾ ਠੰਡ ਬਹੁਤ ਉਥੇ ਬੜੀ ਭੀੜ ਕਈ ਸੀ. ਆਰ. ਪੀ. ਵਾਲੇ ਨਹਾਈ ਜਾਂਦੇ ਸੀ ਕੋਈ ਦਾਤਣ ਕਰੀ ਜਾਵੇ ਇਕ ਪਾਸੇ ਲਾਂਗਰੀ ਰੋਟੀਆਂ ਲਾਅ ਰਿਹਾ ਤੇ ਸਰੋਂ ਦੇ ਤੇਲ ਨਾਲ ਰੋਟੀਆਂ ਚੋਪੜ ਚੋਪੜ ਸਾਥੀਆਂ ਨੂੰ ਦੇ ਰਿਹਾ ਕੋਈ ਉਬਲੇ ਆਂਡੇ ਖਾਈ ਜਾਵੇ ਕੋਈ ਵਿਚਾਰਾ ਮੋਟੀਆਂ ਮੋਟੀਆਂ ਵਿੰਗੀਆਂ ਟੇਡੀਆਂ ਰੋਟੀਆਂ ਨਾਲ ਚਾਹ ਪੀ ਜਾਵੇ ਤਾਂ ਸਾਡੇ ਦੋਸਤ ਨੂੰ ਸੀ ਆਰ ਪੀ ਵਾਲਾ ਪੁੱਛਦਾ ਹੈ ਬਾਹਈ ਸਾਹਿਬ ਜੀ ਜੋ ਜਹਾਂ ਪਹਿਲੇ ਐਮ. ਐਲ. ਏ. ਥਾ ਵੋ ਕੈਸੇ ਮਰ ਗਿਆ ਥਾ ? 

ਬਲਾਤਕਾਰੀ ਅਧਿਆਪਕ ਤੇ ਮੋਬਾਈਲ

ਬੇਨਤੀ ਇਹ ਹੈ ਕਿ ਮੇਰਾ ਨਾਂ ਮੋਬਾਈਲ ਹੈ । ਤੁਸੀਂ ਤੇ ਤੁਹਾਡੀ ਸਰਕਾਰ ਅਧਿਆਪਕਾਂ ਨੂੰ ਭੱਤੇ ਦਿੰਦੇ ਰਹਿੰਦੇ ਹੋ । ਜਿਹੜੇ ਕਿ ਜਿਆਦਾਤਾਰ ਨਜ਼ਾਇਜ ਹੀ ਹੁੰਦੇ ਨੇ । ਪਰ ਮੈਂ ਕੇਵਲ ਮੋਬਾਈਲ ਭੱਤੇ ਦੀ ਗੱਲ ਕਰਨੀ ਹੈ । ਆਪ ਜੀ ਨੂੰ ਪਤਾ ਹੀ ਹੋਵੇਗਾ ਕਿ ਇਕ ਅੱਠ ਸਾਲ ਦੀ ਕੁੜੀ ਦਾ ਇਕ ਅਧਿਆਪਕ ਨੇ ਬਲਾਤਕਾਰ ਕਰ ਦਿੱਤਾ । ਪਰ ਨਾਮ ਮੋਬਾਈਲ ਦਾ ਬਦਨਾਮ ਹੋਇਆ । ਜਨਾਬ ਹੁੰਦਾ ਕੀ ਹੈ ਤੁਸੀਂ ਅਧਿਆਪਕਾਂ ਨੂੰ ਪੰਜ ਸੌ ਰੁਪਏ ਮੋਬਾਈਲ ਭੱਤਾ ਦਿੱਤਾ ਹੈ ਉਹ ਸਵੇਰੇ ਸਕੂਲ ਆ ਕੇ ਆਪਸ ਚ ਆਪਣੇ ਕਲੀਗਾਂ ਨਾਲ ਗੱਪਾਂ ਮਾਰਦੇ ਨੇ ਤੇ ਠਰਕੀ ਅਧਿਆਪਕ ਨੈੱਟ ਖੋਲ ਲੈਂਦੇ ਨੇ ਬੱਚਿਆਂ ਦੀਆਂ ਕਿਤਾਬਾਂ ਉਸੇ ਤਰ੍ਹਾਂ ਬੰਦ ਹੀ ਰਹਿੰਦੀਆਂ ਨੇ ਤੇ ਅਧਿਆਪਕ ਸਾਹਿਬਾਨ ਠੰਡ ਦੇ ਮੌਸਮ ਚ ਨੈੱਟ ਤੇ ਗਰਮ ਹੁੰਦੇ ਨੇ ਤੇ ਉਹ ਆਪਣੇ ਸਕੂਲ ਦੀਆਂ ਕੁੜੀਆਂ ਜੋ ਕੇ ਅਕਸਰ ਜਿਆਦਾਤਾਰ ਗਰੀਬ ਹੀ ਹੁੰਦੀਆਂ ਨੇ ਉਹਨਾਂ ਨੂੰ ਕਿਸੇ ਕਿਸਮ ਦਾ ਲਾਲਚ ਦੇ ਕੇ ਮੋਬਾਈਲ ਤੇ ਗੇਮਾਂ ਦੇ ਬਹਾਨੇ ਅਸ਼ਲੀਲ ਸਾਈਟਾਂ ਵਿਖਾ ਕੇ ਭਰਮਾ ਕੇ,ਕਿਵੇਂ ਨਾ ਕਿਵੇਂ ਇਸ ਤਰ੍ਹਾਂ ਦੇ ਗਲਤ ਕੰਮ ਕਰਦੇ ਨੇ ਜਿਹੜਾ ਕਿ ਨਾਮ ਮੋਬਾਈਲ ਦਾ ਬਦਨਾਮ ਹੁੰਦਾ ਹੈ । 

ਇਸ਼ਾਰਾ

ਅੱਜ ਦੁਪਿਹਰੇ ਡਾਕੀਆ ਹਰ ਰੋਜ਼ ਵਾਂਗ ਡਾਕ ਸੁੱਟ ਕੇ ਗਿਆ ਤਾਂ ਮੈਂ ਇਕ ਚਮਕਦਾਰ ਲਿਫਾਫਾ ਵੇਖਿਆ । ਉਸ ਤੇ ਮੇਰਾ ਪੂਰਾ ਪਤਾ ਲਿਖਿਆ ਸੀ ਤੇ “ਫਰੋਮ ਗਾਡ” ਲਿਖਿਆ ਸੀ । ਮੈਂ ਪੜ੍ਹ ਕੇ ਹੱਸ ਪਿਆ, ਸ਼ਾਇਦ ਕਿਸੇ ਨੇ ਸ਼ਰਾਰਤ ਕੀਤੀ ਹੋਵੇ ਤੇ ਖਤ ਖੋਲਿਆ ਜਿਸ ਚ ਲਿਖਿਆ ਸੀ, ਦਸਹਿਰਾ ਦਿਵਾਲੀ ਆਉਣ ਵਾਲੀ ਹੈ । ਤੁਸੀਂ ਰਾਵਣ ਨੂੰ ਹਰ ਸਾਲ ਵਾਂਗ ਸਾੜਣਾ ਹੈ ਤੇ ਹਰ ਥਾਂ ਭਗਵਾਨ ਰਾਮ ਦੀ ਜੈ ਜੈ ਕਾਰ ਕਰਨੀ ਹੈ । ਆਉ, ਆਪਾਂ ਕਲਯੁੱਗ ਚ ਉਹਨਾਂ ਪਾਤਰਾਂ ਦੇ ਕੋਲੋਂ ਸਬਕ ਲਈਏ ਜਿਹੜੇ ਜਿਹੜੇ ਪਤਾਰ ਬਹੁਤ ਮਹੱਤਵ ਪੂਰਨ ਰਹੇ ਪਰ ਉਹਨਾਂ ਤੇ ਖਾਸ ਧਿਆਨ ਨਹੀਂ ਦਿੱਤਾ ਗਿਆ ।

ਸਰੂਪਨਖਾ-ਰੱਬ ਇਹੋ ਜਿਹੀ ਭੈਣ ਕਿਸੇ ਨੂੰ ਨਾ ਦੇਵੇ ਜਿਹੜੀ ਪੰਚਵਟੀ ਦੇ ਜੰਗਲ ਚ ਦਿਲ ਬਹਿਲਾਉਣ ਤੇ ਨੱਕ ਕਟਾਉਣ ਦੀ ਵਜਾ ਨਾਲ ਹੀ ਭਰਾ ਰਾਵਣ ਦਾ ਸਤਿਆਨਾਸ ਰਾਮ ਨਾਮ ਸੱਤ ਹੋ ਗਿਆ ।

ਰੱਬ ਦੀ ਸੌਂਹ

ਇਕ ਜਥੇਦਾਰ ਸਾਹਬ ਚੋਣਾਂ ਚ ਆਪਣੇ ਅੰਦਾਜ ਚ ਵੱਖਰੀ ਤਰ੍ਹਾਂ ਭਾਸਣ ਦੇਣ ਲੱਗੇ ਤੇ ਕਹਿੰਦੇ

“ਮੈਂ ਤੁਹਾਨੂੰ ਇਕ ਜੱਟ ਦੀ ਕਹਾਣੀ ਸਣਾਉਣਾ ਹਾਂ  ਮੇਰੇ ਬਚਪਨ ਦੇ ਦਿਨਾਂ ਦੀ ਗੱਲ ਹੈ ਸਾਡੇ ਪਿੰਡ ਦੇ ਸਰਪੰਚ ਕੋਲ ਇਕ ਗਾਂ ਰੱਖੀ ਸੀ ਗਾਂ ਵਿਕਾਊ ਸੀ । ਗਾਂ ਲੈਣ ਆਏ ਬਾਈ ਜੀ ਨੇ ਉਸ ਨੂੰ ਪੁਛਿਆ ਗਾਂ ਕਿਹੜੀ ਨਸਲ ਦੀ ਹੈ ? ਸਰਪੰਚ ਨੂੰ ਪਤਾ ਨਹੀਂ ਸੀ । ਫੇਰ ਉਸਨੂੰ ਪੁਛਿਆ ਕਿ ਗਾਂ ਦੇ ਦੁੱਧ ਚੋਂ ਕਿੰਨਾ ਮੱਖਣ ਨਿਕਲਦਾ ਹੈ ਇਸ ਬਾਰੇ ਵੀ ਉਸਨੂੰ ਗਿਆਨ ਨਹੀਂ ਸੀ ਅੰਤ ਚ ਉਸਨੂੰ ਪੁਛਿਆ ਬਈ ਤੇਰੀ ਗਾਂ ਸਾਰੇ ਸਾਲ ਚ ਕਿੰਨਾ ਦੁੱਧ ਦਿੰਦੀ ਆ…।?”

ਸਰਪੰਚ ਨੇ ਫੇਰ ਸਿਰ ਹਿਲਾਉਂਦੇ ਹੋਏ ਕਿਹਾ

“ਰੱਬ ਦੀ ਸੌਂਹ ਮੈਨੂੰ ਕੱਖ ਨਹੀਂ ਪਤਾ,ਪਰ ਮੈਂ ਐਨਾ ਜਰੂਰ ਜਾਣਦਾਂ ਵਾਂ ਕਿ ਗਾਂ ਬੜੀ ਇਮਾਨਦਾਰ ਆ,ਇਹ ਜਿੰਨਾ ਵੀ ਦੁੱਧ ਹੁੰਦਾ ਸਾਰਾ ਦੇ ਦਿੰਦੀ ਆ ।”

ਜਥੇਦਾਰ ਨੇ ਆਪਣੇ ਭਾਸ਼ਣ ਦੇ ਅੰਤ ਚ ਕਿਹਾ

“ਸੱਜਣੋ ਮੈਂ ਵੀ ਉਸ ਗਾਂ ਵਾਂਗ ਹੀ ਆਂ,ਮੇਰੇ ਕੋਲ ਜੋ ਕੁਝ ਵੀ ਆ ਮੈਂ ਸਭ ਤੁਹਾਨੂੰ ਦੇ ਦੇਵਾਂਗਾ,ਤੁਸੀਂ ਮੈਨੂੰ ਆਪਣਾ ਕੀਮਤੀ ਵੋਟ ਦੇ ਦਿਉ ।”

ਨਾਲ ਆਏ ਚਮਚਿਆਂ ਨੇ ਤਾੜੀਆਂ ਮਾਰ ਦਿੱਤੀਆਂ ।
****

ਚਿੱਠੀ

ਮੈਂ ਖੁਦ ਨੂੰ ਆਜ਼ਾਦ ਤਦ ਸਮਝਾਂਗੀ ਜਦੋਂ ਸਭ ਦੇ ਸਾਹਮਨੇ ਆਏਂ ਹੀ ਗਲ ਨਾਲ ਲੱਗ ਸਕਾਂਗੀ ਇਸ ਗੱਲ ਤੋਂ ਬੇਪ੍ਰਵਾਹ ਕਿ ਤੂੰ ਇਕ ਮੁੰਡਾ ਏਂ ਤੇ ਇਸਦੀ ਫਿਕਰ ਨਹੀਂ ਹੋਵੇਗੀ ਕਿ ਦੁਨੀਆਂ ਕੀ ਕਹੇਗੀ ...? ਜਾਂ ਕਿ ਵਿਗੜ ਜਾਵੇਗੀ ਭੋਲੀ ਭਾਲੀ ਕੁੜੀ ਦੀ ਛਵੀ, ਚੁੰਮ ਸਕਾਂਗੀ ਤੇਰਾ ਮੱਥਾ ਜਾਂ ਤੇਰੇ ਬੁੱਲ ਬਿਨਾਂ ਇਸ ਗੱਲ ਦੇ ਡਰੇ ਕਿ ਜੋੜ ਦਿੱਤਾ ਜਾਵੇਗਾ ਤੇਰਾ ਨਾਂ ਮੇਰੇ ਨਾਂ ਨਾਲ ਨਾਲ ਤੇ ਨਾਂ ਲੈਂਦਿਆਂ ਲੋਕਾਂ ਦੇ ਚੇਹਰੇ ਤੇ ਤੈਰਦੀ ਹੋਵੇਗੀ ਗੰਦੀ ਮੁਸਕਰਾਹਟ ਜਦੋਂ ਮੇਰੇ ਤੇ ਤੇਰੇ ਰਿਸ਼ਤੇ ਕੋਈ ਫਰਕ ਨਹੀਂ ਪਵੇਗਾ ਤੇਰੇ ਤੇ ਮੇਰੇ ਵਿਆਹ ਤੋਂ ਬਾਅਦ ਤੂੰ ਇੰਝ ਹੀ ਮਿਲੇਂਗਾ ਜਿਵੇ ਮੈਨੂੰ ਅੱਜ ਮਿਲਦਾਂ ਏਂ ਹਰ ਰਾਤ ਗੱਪਾਂ ਮਾਰਾਂਗੇ,ਬਹਿਸ ਕਰਾਂਗੇ ਸਮਾਜ,  ਧਰਮ,ਰਾਜਨੀਤੀ ਤੇ ਰਿਸ਼ਤਿਆਂ ਦੀਆਂ ਤੇ ਇਸਨੂੰ ਤੇਰੇ ਤੇ ਮੇਰੇ ਜੀਵਨ ਸਾਥੀ ਦੇ ਪ੍ਰਤੀ ਆਪਣੀ ਬੇਵਫਾਈ ਨਹੀਂ ਮੰਨਿਆ ਜਾਵੇਗਾ ਵਾਦਾ ਕਰੋ ਦੋਸਤ ਤੂੰ ਮੇਰਾ ਸਾਥ ਦੇਵੇਂਗਾ ਚਾਹੇ ਇਹ ਸਮਾਂ ਆਉਂਦੇ ਆਉਂਦੇ ਆਪਾਂ ਬੁੱਢੇ ਹੀ ਕਿਉਂ ਨਾ ਹੋ ਜਾਈਏ,ਖਤਮ ਵੀ ਕਿਉਂ ਨਾ ਹੋ ਜਾਈਏ ਪਰ ਕੁੱਝ ਉਮੀਦਾਂ ਦੇ ਲਈ ਉਸ ਦੁਨੀਆ ਚ ਜਿੱਥੇ ਰਿਵਾਜ਼ ਹੈ ਚੀਜ਼ਾਂ ਨੂੰ ਸਾਂਚੇ ਚ ਢਾਲਣ ਦਾ ਦੋਸਤੀ ਤੇ ਪਿਆਰ ਨੂੰ ਪਰਿਭਾਸ਼ਾਵਾਂ ਤੋਂ ਆਜ਼ਾਦੀ ਮਿਲੇ । ਮੈਂ ਇਹ ਸੱਚ ਲਿਖ ਦਿੱਤਾ ਹੈ ਮੇਰੇ ਚ ਸੱਚ ਕਹਿਣ ਦੀ ਹਿੰਮਤ ਹੈ ਹੁਣ ਕਾਗਜ਼ਾਂ ਚ ਨਹੀਂ ਅਸਲ ਚ ਬਰਾਬਰੀ ਚਾਹੁੰਦੀ ਹਾਂ । ਬਹੁਤ ਹੋ ਗਿਆ ਹੁਣ । ਤੇਰੇ ਜਵਾਬ ਦੀ ਜਰੂਰਤ ਨਹੀਂ ਤੈਨੂੰ ਦੱਸਣ ਲਈ ਲਿਖਿਆ ਹੈ ।

***

ਰੁੱਖ ਦਾ ਸੁਨੇਹਾ

ਰੁੱਖਾਂ ਦਾ ਕਤਲਾਮ ਤੂੰ ਕਰਦੈਂ,ਛਾਵਾਂ ਨੂੰ ਬੇਨਾਮ ਤੂੰ ਕਰਦੈਂ
ਗੰਦ ਬੜਾ ਹੀ ਪਾਉਂਦੇ ਨੇ,ਰੁੱਖਾਂ ਨੂੰ ਬਦਨਾਮ ਤੂੰ ਕਰਦੈਂ
ਤੇਰੇ ਤੋਂ ਨਾ ਕੋਈ ਗੰਦਾ,ਕਹਿੰਦੇ ਤੈਨੂੰ ਬੰਦਾ ਬੰਦਾ
ਨਾ ਜਿਉਂਦੇ ਨਾ ਮਰਿਆਂ ਫਾਇਦਾ,ਨਾ ਬਣਦਾ ਤੇਰਾ ਕੋਈ ਕਾਪੀ ਕਾਇਦਾ
ਮੈਨੂੰ ਪੁੱਟ ਪੁੱਟ ਪੱਥਰ ਲਾ ਤੇ,ਮੇਰੇ ਤੂੰ ਪੋਸਟਰ ਬਣਵਾ ਤੇ
ਪੋਸਟਰ ਵੀ ਬਣਦੇ ਨੇ ਮੇਰੇ,ਦਿਮਾਗ ਚ ਵੜਦੀ ਨਹੀਂ ਗੱਲ ਤੇਰੇ
ਛੱਡ ਤੂੰ ਬੰਦਿਆ ਆਪਣੀਆਂ ਹਰਕਤਾਂ,ਰੁੱਖਾਂ ਕਾਰਨ ਹੀ ਨੇ ਬਰਕਤਾਂ
ਉਹ ਰੁੱਖਾਂ ਵਰਗੇ ਕੰਮ ਤੂੰ ਕਰ,ਕੁਦਰਤ ਕੋਲੋਂ ਹੀ ਡਰਿਆ ਕਰ
ਇਕ ਰੁੱਖ ਦੇ ਅਨੇਕਾਂ ਸੁੱਖ,ਕੰਡਿਆ ਲਾ ਹਰ ਹਫਤੇ ਇਕ ਰੁੱਖ
****

ਵਿਖਾਵੇ

ਦਿਵਾਲੀ ਦਾ ਦਿਨ । ਤਕਾਲਾਂ ਦਾ ਵੇਲਾ । ਹਰ ਸਾਲ ਵਾਂਗ ਸ਼੍ਰੀਮਤੀ ਨੇ ਮੈਨੂੰ ਚਾਰ ਦੀਵਿਆਂ ਚ ਤੇਲ ਪਾ ਕੇ ਪਲੇਟ ਚ ਰੱਖ ਕੇ ਦੇ ਦਿੱਤੇ ਗੁਰਦਵਾਰੇ ਜਗਾ ਕੇ ਰੱਖ ਆਇਉ ਦਾ ਹੁਕਮ ਹੋਇਆ । ਮੈਂ ਜਦੋਂ ਗੁਰਦਵਾਰੇ ਗਿਆ ਤਾਂ ਇਕ ਗਰੀਬ ਬੱਚੇ ਨੂੰ ਪਾਠੀ ਸਿੰਘ ਸਾਹਬ ਕੁੱਟੀ ਜਾਣ ਤੇ ਹੋਰ ਵੀ ਤਿੰਨ ਚਾਰ ਕੋਲ ਖੜੇ ਬੋਲੀ ਜਾਂਦੇ ਸੀ ਅਖੇ ਗੁਰੁ ਘਰ ਚ ਚੋਰੀ । ਮੈਂ ਸਿੰਘ ਸਾਹਬ ਤੋਂ ਉਸ ਬੱਚੇ ਨੂੰ ਛੁਡਾਇਆ ਤੇ ਉਸ ਬੱਚੇ ਨੂੰ ਪੁਛਿਆ ਕਿ ਕੀ ਹੋਇਆ ? ਚੋਰੀ ਕਰਦਾ ਸੀ ਦੀਵਿਆਂ ਚੋਂ ਤੇਲ ਕੱਢੀ ਜਾਂਦਾ ਸੀ । ਸਿੰਘ ਸਾਹਬ ਬੋਲੇ । ਮੈਂ ਸਿੰਘ ਸਾਹਬ ਜੀ ਨੂੰ ਕਿਹਾ ਤੁਸੀਂ ਅੰਦਰ ਜਾਉ ਜੀ । ਮੁੰਡਾ ਡਰਿਆ ਤੇ ਸਹਿਮਿਆ ਹੋਇਆ ਸੀ । ਮੈਂ ਉਸ ਨੂੰ ਗੁਰਦਵਾਰੇ ਅੰਦਰ ਲੈ ਗਿਆ ਤੇ ਮੱਥਾ ਟੇਕਿਆ ਪਾਠੀ ਮੇਰੇ ਵੱਲ ਗੁੱਸੇ ਚ ਮੈਨੂੰ ਖਾਹ ਜਾਣ ਵਾਂਗ ਵੇਖ ਰਿਹਾ ਸੀ । ਫੇਰ ਮੈਂ ਉਸ ਬੱਚੇ ਨੂੰ ਦੀਵੇ ਜਗਾਉਣ ਲਈ ਕਿਹਾ ਤੇ ਉਸ ਕੋਲੋਂ ਦੀਵੇ ਜਗਵਾ ਕੇ ਗੁਰਦਵਾਰੇ ਚੋਂ ਬਾਹਰ ਆ ਗਏ । ਮੈਂ ਉਸ ਨੂੰ ਪੁਛਿਆ ਤੂੰ ਤੇਲ ਕੀ ਕਰਨਾ ਸੀ ? ਤਾਂ ਉਸਨੇ ਰੋਂਦੇ ਹੋਏ ਕਿਹਾ ਮੇਰੀ ਮਾਂ ਬਹੁਤ ਬਿਮਾਰ ਹੈ ਘਰ ਚ ਕੁਝ ਵੀ ਖਾਣ ਨੂੰ ਨਹੀਂ,ਸਬਜ਼ੀ ਮੰਡੀ ਚੋਂ ਸੁੱਟੀ ਹੋਈ ਸਬਜ਼ੀ ਲੈ ਆਇਆ ਸੀ ਘਰ ਚ ਤੇਲ ਵੀ ਨਈ ਏਸੇ ਕਰਕੇ ਦੀਵਿਆਂ ਚੋਂ ਤੇ ਉਹ ਰੋਣ ਲੱਗਾ । ਉਸ ਕੋਲ ਬੇਹੀ ਗੋਭੀ ਦਾ ਫੁੱਲ,ਦੋ ਤਿੰਨ ਗਲੇ ਸੜੇ ਆਲੂ ਗੰਡੇ ਗੰਦੇ ਜਿਹੇ ਲਿਫਾਫੇ ਚ ਪਾਏ ਹੋਏ ਸੀ । ਤੇਰੇ ਪਿਤਾ ਜੀ ਕੀ ਕਰਦੇ ਨੇ…।? ਨਈਂ ਨੇ ਉਸ ਨੇ ਕਿਹਾ । ਮੈਂ ਉਸ ਨੂੰ ਗਲ ਨਾਲ ਲਾਇਆ ਤੇ ਉਸਦਾ ਡਰ ਦੂਰ ਹੋਇਆ । ਮੈਂ ਉਸ ਨੂੰ ਆਪਣੇ ਨਾਲ ਘਰ ਦੇ ਮੋੜ ਤੇ ਲੈ ਆਇਆ ਤੇ ਉਸਨੂੰ ਪੰਜ ਮਿੰਟ ਖੜਨ ਲਈ ਕਿਹਾ । ਇਕ ਲਿਫਾਫੇ ਚ ਬਹੁਤ ਸਾਰੀ ਮਠਿਆਈ ਤੇ ਫਲ ਕੁਛ ਪੁਰਾਣੇ ਕੱਪੜੇ ਰੋਟੀਆਂ ਤੇ ਕਾਫੀ ਸਾਰੀ ਸ਼ਬਜੀ ਤੇ ਇਕ ਸੌ ਦਾ ਨੋਟ ਉਸ ਨੂੰ ਦੇ ਦਿੱਤਾ । ਮੈਂ ਉਸ ਨੂੰ ਸਮਝਾਇਆ ਚੋਰੀ ਨਹੀਂ ਕਰਨੀ ਕਦੇ ਵੀ ਖਾਸਕਰ ਧਰਮ ਸਥਾਨਾਂ ਤੇ ਮੈਂ ਘਰ ਨੂੰ ਤੁਰ ਪਿਆ ਉਹ ਮੈਨੂੰ ਉਸ ਵੇਲੇ ਤੱਕ ਵੇਖਦਾ ਰਿਹਾ ਜਦੋਂ ਤੱਕ ਮੈਂ ਘਰ ਨਹੀਂ ਵੜਿਆ ।
****

ਭਵਿੱਖਬਾਣੀ

ਆਪ ਜੀ ਆਪਣੇ ਕੰਮ ਚ ਅਨੁਭਵੀ ਤੇ ਮਿਹਨਤੀ ਹੋ । ਆਪ ਜੀ ਕੋਲ ਵੇਖਿਆ,ਸੁਣਿਆ ਤੇ ਹੰਢਾਇਆ ਹੋਇਆ ਡੂੰਘਾ ਤਜ਼ਰਬਾ ਹੈ । ਆਪ ਜੀ ਕੋਲ ਨਿਗੂਣੀਆਂ ਗੱਲਾਂ ਨੂੰ ਵੱਡੇ ਅਰਥਾਂ ਚ ਕਹਿਣ ਦੀ ਕਲਾ ਹੈ । ਆਪ ਜੀ ਚ ਵਿਸੰਗਤੀਆਂ,ਗਲੀਆਂ ਸੜੀਆਂ ਰੁਹ- ਰੀਤਾਂ,ਬੋਸੀਦਾਂ ਕਦਰਾਂ ਕੀਮਤਾਂ ਨੂੰ ਰੱਦ ਕਰਕੇ ਨਵੇਂ ਸਮਾਜ ਦੀ ਸਿਰਜਣਾ ਕਰਨ ਦਾ ਹਰ ਵਾਰ ਵਾਅਦਾ ਕਰਦੇ ਹੋ । ਆਪ ਜੀ ਨੇ ਭ੍ਰਿਸ਼ਟਾਚਾਰ,ਬੇਈਮਾਨੀ,ਬੇਰੋਜ਼ਗਾਰੀ ਵਰਗੀਆਂ ਜਨਤਾ ਦੀਆਂ ਮੁਸ਼ਕਿਲਾਂ ਨੂੰ ਅਮਰ ਕੀਤਾ । ਪਿਛਲੇ ਕਈ ਸਾਲਾਂ ਤੋਂ ਆਪ ਜੀ ਅਖਬਾਰਾਂ ਰਸਾਲਿਆਂ,ਟੀ।ਵੀ ਚੈਨਲਾਂ ਦੀ ਜੀਨਤ ਬਣਦੇ ਆ ਰਹੇ ਨੇ । ਹਥਲੀਆਂ ਚੋਣਾਂ ਚ ਆਪ ਜੀ ਨੇ ਸੀਹਰਫੀ ਦੀ ਤਰਜ਼ ਤੇ ਛੱਤੀ ਲਾਰਿਆਂ ਦੀ ਸਿਰਜ਼ਣਾ ਕੀਤੀ ਹੈ । ਇਸ ਵਿਧਾ ਵਿਚ ਆਪ ਜੀ ਨੇ 15-8-1947 ਤੋਂ ਲੈ ਕੇ  ਅੱਜ ਤੱਕ ਦੇ ਸਮੇਂ ਦੌਰਾਨ ਸੂਬੇ ਦੇ ਲੋਕਾਂ ਨੂੰ ਭੋਗਣੇ ਪਏ ਸੰਤਾਪ ਨੂੰ ਲੋਕਾਂ ਨੂੰ ਹੀ ਭਿੰਨ ਭਿੰਨ ਪ੍ਰਕਾਰ ਨਾਲ ਉਹਨਾਂ ਦੀਆਂ ਮੂਸ਼ਕਿਲਾਂ ਨੂੰ ਭਿੰਨ ਭਿੰਨ ਦ੍ਰਿਸ਼ਟੀਕੋਣ ਤੋਂ ਪੇਸ਼ ਕਰਕੇ ਫੇਰ ਜਾਣੂ ਕਰਵਾਇਆ । ਆਪ ਜੀ ਦਾ ਕਹਿਣਾ ਆਮ ਆਦਮੀ ਦੇ ਦੁਖ ਦਰਦ,ਲੋੜਾਂ ਨੂੰ ਪੂਰਤ ਕਰਨਾ ।ਆਪ ਜੀ ਲੋਕਾਂ ਦੀ ਤ੍ਰਾਸ਼ਦੀ  ਦੇ ਡੰਗ ਨੂੰ ਬਹੁਵਚਨੀ ਕੀਤਾ ਹੈ । ਆਪ ਜੀ ਨੇ ਇਸ ਵਾਰ ਇਸ ਨੂੰ ਰੋਚਕ ਬਣਾਉਣ ਲਈ ਸੰਬਾਦ ਤੇ ਗਾਲਿਪਨਿਕਤਾ ਨੂੰ ਲਿਆਉਣ ਦਾ ਯਤਨ ਕੀਤਾ ਹੈ । ਆਪ ਜੀ ਇਕ ਮੋਮੋਬਾਜ਼ ਰਾਜ਼ਨੀਤਕ ਦੇ ਰੂਪ ਚ ਪੂਰੀ ਤਰ੍ਹਾਂ ਸਫਲ ਨੇ,ਆਪ ਜੀ ਚ ਪ੍ਰਤਿਭਾ ਹੈ,ਤੀਖਣ ਬੁੱਧੀ ਹੈ,ਦ੍ਰਿਸ਼ਟੀ ਹੈ,ਆਪ ਜੀ ਇਕ ਸੁਘੜ ਲੂੰਬੜੀ ਵਜੋਂ ਆਪਣੀ ਹੋਂਦ ਸਥਾਪਤ ਹੈ । ਜਦੋਂ ਤੱਕ ਆਪ ਜੀ ਦੀਆਂ ਗੱਲਾਂ ਚ ਜਨਤਾ ਆਉਂਦੀ ਰਹੇਗੀ ਆਪ ਜੀ ਕੰਡੇ ਵਾਂਗ ਇਹਨਾਂ ਅੰਦਰ ਚੁਭੇ ਰਹਿਣਗੇ । ਆਪ ਜੀ ਦਾ ਭਵਿੱਖ ਉਜਵਲ ਹੈ ।
****

ਕੁਦਰਤ ਤੋਂ ਅਣਜਾਨ,ਇਨਸਾਨ

ਪੱਤਝੜ ਦਾ ਮੌਸਮ ਸੀ । ਇਕ ਬਿਰਖ ਦਾ ਪਤਾ ਹਰੇ ਘਾਹ ਤੇ ਡਿੱਗਿਆ ਤਾਂ ਘਾਹ ਦੇ ਤਿਨਕੇ ਨੇ ਕਿਹਾ
“ਤੂੰ ਕਿੰਨਾ ਰੌਲਾ ਪਾਉਣਾ ਏ,ਤੂੰ ਮੇਰੀ ਮਿੱਠੀ ਨੀਂਦ ਖਰਾਬ ਕਰ ਦਿੱਤੀ ।”
“ਉਏ ਬੇਵਕੂਫਾ ਤੈਨੂੰ ਕੀ ਪਤਾ ਉਚਾਈ ਦੀ ਹਵਾ ਦੇ ਸਵਾਦ ਦਾ ਤੇ ਉਸਦੇ ਸੰਗੀਤ ਨੂੰ ਤੂੰ ਕੀ ਜਾਣੇਗਾ………………?”
ਏਨਾ ਕਹਿ ਕੇ ਬਿਰਖ ਦਾ ਪੱਤਾ ਘਾਹ ਤੇ ਆਰਾਮ ਕਰਨ ਲੱਗਾ ਤੇ ਗੂੜੀ ਨੀਂਦ ਸੌਂ ਗਿਆ । ਬਸੰਤ ਆਉਣ ਤੇ ਉਹ ਉਠਿਆ ਤਾਂ ਉਹ ਘਾਹ ਦੇ ਤਿਨਕੇ ਦੇ ਰੂਪ ਚ ਜਨਮ ਲੈ ਚੁਕਿਆ ਸੀ ।
ਫੇਰ ਰੁਤ ਬਦਲੀ ਤੇ ਪਤਝੜ ਦਾ ਮੌਸਮ ਆਇਆ ਤੇ ਫੇਰ ਸਰਸਰਾਹੜ ਦੀ ਆਵਾਜ਼ ਆਈ ਪੱਤੇ ਫੇਰ ਬਿਰਖਾਂ ਤੋਂ ਟੁਟ ਕੇ ਜਮੀਨ ਤੇ ਡਿੱਗਣ ਲੱਗੇ । ਤੇ ਫੇਰ ਉਹ ਨਵਾਂ ਪੱਤੇ ਤੋਂ ਤਿਨਕਾ ਬਣਿਆ ਪੱਤਾ ਬੋਲਿਆ
“ਉਫ ਏ ਪਤਝੜ ਦਾ ਮੌਸਮ,ਇਹ ਪੱਤੇ ਕਿੰਨਾ ਰੌਲਾ ਪਾਉਂਦੇ ਨੇ,ਮੇਰੀ ਸਾਰੀ ਨੀਂਦ ਖਰਾਬ ਕਰ ਦਿੱਤੀ ।”

****

ਸੰਤ

ਇਕ ਆਦਮੀ ਕਿਸੇ ਦੀ ਬੁਰਾਈ ਨਹੀਂ ਕਰਦਾ ਸੀ । ਹਰ ਵੇਲੇ ਉਹ ਚੰਗਆਈ ਦੀਆਂ ਗੱਲਾਂ ਹੀ ਕਰਦਾ ਸੀ । ਇਕ ਵਾਰ ਉਸਦੇ ਕਿਸੇ ਬਚਪਨ ਦੇ ਦੋਸਤ ਨੇ ਉਸ ਨੂੰ ਪੁਛਿਆ
“ਕਿ ਤੁਸੀਂ ਸ਼ੈਤਾਨ ਬਾਰੇ ਵੀ ਚੰਗੀਆਂ ਗੱਲਾਂ ਹੀ ਬੋਲੋਗੇ ……।।?”
“ਬਿਲਕੁਲ ਸਾਨੂੰ ਉਸ ਸ਼ੈਤਾਨ ਦੇ ਧੀਰਜ਼ ਦੀ ਤਾਰੀਫ ਕਰਨੀ ਚਾਹੀਦੀ ਹੈ ਕਿ ਉਹ ਇਨ੍ਹਾਂ ਤਮਾਮ ਨਿੰਦਿਆ ਦੇ ਬਾਵਜੂਦ ਵੀ  ਅੱਜ ਵੀ ਸਾਡੇ ਵਿਚਕਾਰ ਹੈ ।”ਉਸ ਆਦਮੀ ਨੇ ਕਿਹਾ

****

ਸ਼ੈਤਾਨ ਤੇ ਮੀਸਣਾ

ਘਰ ਚ ਚੋਰੀ ਹੋ ਗਈ । ਘਰ ਚ ਇਕਲੇ ਸੱਸ ਸੁਹਰਾ ਸੀ । ਸੁਹਰਾ ਪਰੇਸ਼ਾਨ ਸੀ ਕਿ ਪੁਤ ਨੂੰ ਕੀ ਜਵਾਬ ਦੇਵਾਂਗੇ ? ਸੱਸ ਪਰੇਸ਼ਾਨ ਸੀ ਕਿ ਨੂੰਹ ਨੂੰ ਕੀ ਕਹੂੰਗੀ…?
ਜਦੋਂ ਮੁੰਡਾ ਤੇ ਨੂੰਹ ਆਏ ਤਾਂ ਸੱਸ ਨੇ ਨੂੰਹ ਨੂੰ ਕਿਹਾ
“ਨੀ ਆਪਣੇ ਘਰ ਨੂੰ ਤਾਂ ਨਜ਼ਰ ਲੱਗ ਗਈ,ਆਪਾਂ ਤਾਂ ਲੁੱਟੇ ਗਏ ।”
“ਤੁਸੀਂ ਦੋਨੋਂ ਘਰ ਚ ਸੁੱਤੇ ਪਏ ਸੀ ਥੋਨੂੰ ਚੋਰ ਦਾ ਪਤਾ ਨਹੀਂ ਲੱਗਾ………?”ਮੁੰਡਾ ਬੋਲਿਆ ਸੀ ।
“ਹਾਏ ਮੇਰੇ ਗਹਿਣੇ ਤੇ…ਤੁਹਾਡੇ ਰੁਪਏ,ਹਾਇ ਆਪਾਂ ਤਾਂ ਬਰਬਾਦ ਹੋ ਗਏ ।” ਨੂੰਹ ਰੋਂਦੀ ਹੋਈ ਗੁੱਸੇ ਚ ਬੋਲੀ ।
ਪੁਲਿਸ ਰਿਪੋਰਟ ਲਿਖਾਈ ਗਈ । ਲੋਕਾਂ ਦਾ ਇਕਠ ਹੋਇਆ ਤੇ ਲੋਕ ਅਫਸੋਸ ਵੀ ਕਰਨ ਆਏ । ਦੂਸਰੀ ਰਾਤ ਸੱਸ ਸੁਹਰੇ ਨੂੰ ਕਹਿ ਰਹੀ ਸੀ ।
“ਪੈਸੇ ਤਾਂ ਸਾਰੇ ਆਪਾਂ ਚੋਰੀ ਕੀਤੇ ਆ ਗਹਣਿਆਂ ਦੀ ਸਮਝ ਨਹੀਂ ਲੱਗੀ ।”
ਦੂਜੇ ਪਾਸੇ ਨੂੰਹ ਆਪਣੇ ਘਰਵਾਲੇ ਨੂੰ ਕਹਿ ਰਹੀ ਸੀ ।
“ਸਾਰੇ ਗਹਿਣੇ ਤਾਂ ਆਪਾਂ ਲੋਕਰ ਚ ਰੱਖੇ ਆ,ਇਹ ਰੁਪਈਆਂ ਦੀ ਸਮਝ ਨਹੀਂ ਲੱਗੀ ਕਿੱਥੇ ਗਏ……। ।?”
ਮੁੰਡਾ ਮੀਸ਼ਣਾ ਸੀ ਉਹ ਚੁੱਪ ਹੀ ਰਿਹਾ । ਸੁਹਰਾ ਸ਼ੈਤਾਨ ਸੀ ਉਹ ਵੀ ਚੁੱਪ ਹੀ ਰਿਹਾ ।

****

ਤਿੰਨ ਰੂਪ

ਹਜ਼ਾਰਾਂ ਸਾਲ ਪਹਿਲਾਂ ਤਿੰਨ ਆਦਮੀਆਂ ਨੇ ਰੱਬ ਦੀ ਬਹੁਤ ਤਪਸਿਆ ਕੀਤੀ । ਰੱਬ ਜੀ ਪ੍ਰਗਟ ਹੋ ਗਏ । ਰੱਬ ਜੀ ਨੇ ਖੁਸ਼ ਹੁੰਦਿਆਂ ਹੋਇਆਂ ਕਿਹਾ
"ਤੁਸੀਂ ਮੇਰੀ ਬਹੁਤ ਪੂਜਾ ਕੀਤੀ ਹੈ,ਮੰਗੋ ਕੀ ਮੰਗਦੇ ਹੋ.........?"
"ਮੈਨੂੰ ਘੋੜਾ ਚਾਹੀਦਾ ਹੈ,ਮੈਂ ਦੂਰ ਦੂਰ ਤੱਕ ਘੁੰਮਣਾ ਚਾਹੁੰਦਾਂ ਹਾਂ ।" ਇਕ ਨੇ ਕਿਹਾ
"ਮੈਨੂੰ ਕੁੱਤਾ ਚਾਹੀਦਾ ਹੈ,ਜਿਸ ਨਾਲ ਮੈਂ ਸ਼ਿਕਾਰ ਕਰ ਸਕਾਂਗਾ ਤੇ ਆਪਣੀ ਜਿੰਦਗੀ ਬਤੀਤ ਕਰ ਸਕਾਂਗਾ  ।"ਦੂਜੇ ਨੇ ਕਿਹਾ ।
"ਮੈਨੂੰ ਇਕ ਔਰਤ ਚਾਹੀਦੀ ਹੈ,ਕਿਉਂਕਿ ਮੈਂ ਹਰ ਦਮ ਤਰੋ ਤਾਜਾ ਮਹਿਸੂਸ ਕਰਦਾਂ ਰਹਾਂ ਤੇ ਮੇਰੀ ਜਿੰਦਗੀ ਬਹੁਤ ਸਕੂਨ ਨਾਲ ਗੁਜਰ ਸਕੇ ।"ਤੀਜੇ ਬੰਦੇ ਨੇ ਕਿਹਾ

ਖੁਸ਼ੀ ਦਾ ਦਰਦ

“ਮੇਰੇ ਢਿੱਡ ਚ ਬਹੁਤ ਦਰਦ ਹੋ ਰਿਹਾ ।” ਜਠਾਣੀ ਨੇ ਆਪਣੀ ਦਰਾਨੀ ਨੂੰ ਦਸਿਆ ।
“ਕੀ ਮਹਿਸੂਸ ਹੁੰਦਾ ਹੈ……….?” ਦਰਾਨੀ ਨੇ ਪੁਛਿਆ
“ਅੰਦਰ ਕੁੱਝ ਗੋਲ ਜਿਹਾ,ਹਿੱਲਣ ਤੇ ਤਕਲੀਫ ਹੁੰਦੀ ਹੈ ।”
“ਮੈਂ ਤਾਂ ਰੱਬ ਦਾ ਸ਼ੁਕਰ ਕਰਦੀ ਹਾਂ,ਮੈਂ ਕਿਸਮਤ ਵਾਲੀ ਆਂ,ਮੈਨੂੰ ਕੋਈ ਬਿਮਾਰੀ ਨਹੀਂ ।” ਉਸਨੇ ਬੜੇ ਘਮੰਡ ਨਾਲ ਕਿਹਾ
ਉਹਨਾਂ ਦੋਨਾਂ ਦੀ ਗੱਲ ਕੁਰਸੀ ਤੇ ਬੈਠੀ ਸੱਸ ਨੇ ਸੁਣੀ ਤੇ ਬੋਲੀ
“ਇਹ ਠੀਕ ਆ ਤੈਨੂੰ ਕੋਈ ਬਿਮਾਰੀ ਨਹੀਂ,ਪਰ ਇਸ ਔਰਤ ਦੇ ਦਰਦ ਦਾ ਕਾਰਨ ਇਸ ਦੇ ਪੇਟ ਚ ਬੱਚਾ ਹੈ । ਪਰ ਤੇਰੇ ਕੋਈ ਬੱਚਾ ਪੈਦਾ ਹੀ ਨਹੀਂ ਹੋਇਆ ਤੂੰ ਕੀ ਜਾਣੇ ਇਸ ਖੁਸ਼ੀ ਦੇ ਦਰਦ ਨੂੰ…….?”


****

ਯੂਥ ਆਗੂ

“ਅਸੀਂ ਇਸ ਸੂਬੇ ਤੋਂ ਹਮੇਸ਼ਾਂ ਹੀ ਪਿਆਰ ਚਾਹਿਆ ਤੇ ਸਾਨੂੰ ਤੇ ਸਾਡੀ ਪਾਰਟੀ ਨੂੰ ਹਮੇਸ਼ਾਂ ਹੀ ਪਿਆਰ ਮਿਲਿਆ । ਜੇ ਜਨਤਾ ਨੂੰ ਦਿਲੋਂ ਨਮਸ਼ਕਾਰ ਕਰਦਾਂ ਹਾਂ ਕਿਸੇ ਨੂੰ ਕੋਈ ਦੁਖ ਤਕਲੀਫ ਹੋਵੇ ਮੈਨੂੰ ਬੇਝਿਜਕ ਹੋ ਕੇ ਦਸੋ । ਮੈਂ ਹਰ ਸਮੇਂ ਤੁਹਾਡੇ ਨਾਲ ਹਾਂ ਮੈਨੂੰ ਆਪਣੇ ਆਪ ਤੇ ਤੇ ਤੁਹਾਡੇ ਤੇ ਮਾਨ ਹੈ ।”ਨੇਤਾ ਜੀ ਲਗਾਤਾਰ ਸਟੇਜ ਤੋਂ ਬੋਲ ਰਹੇ ਸਨ ।
ਇਕ ਹੋਰ ਯੂਥ ਆਗੂ ਬੋਲਿਆ
“ਇਹ ਸਾਡੇ ਸੂਬੇ ਦੀ ਜਾਨ ਨੇ,ਸ਼ਾਨ ਨੇ,ਇਹ ਮਹਾਨ ਨੇ,ਇਨ੍ਹਾਂ ਨੇ ਸਾਡੇ ਸ਼ਹਿਰ ਦੇ,ਜਿਲੇ ਦੇ ਬਹੁਤ ਕੰਮ ਕੀਤੇ,ਸੜਕਾਂ ਬਣਾਈਆਂ,ਪੈਨਸ਼ਨਾਂ ਲਵਾਈਆਂ ਸੀਵਰੇਜ ਪੁਆਏ,ਨਾਲੀਆਂ ਬਣਵਾਈਆਂ,ਸਟਰੀਟ ਲਾਈਟਾਂ ਲਗਵਾਈਆਂ ਅਨੇਕਾਂ ਹੀ ਕੰਮ ਨੇ ਜਿਹੜੇ ਇਨ੍ਹਾਂ ਨੇ ਕੀਤੇ  । ਗੱਲ ਕੀ ਅਸੀਂ ਇਨ੍ਹਾਂ ਦਾ ਦੇਣਾ ਦੇ ਹੀ ਨਹੀਂ ਸਕਦੇ ਤੇ ਨਾ ਹੀ ਦੇਣਾ,ਮੇਰਾ ਮਤਲਬ ਅਸੀਂ ਇਹਨਾਂ ਦਾ ਦੇਣਾ ਦੇ ਹੀ ਨਹੀਂ ਸਕਦੇ ।”
“ਇਨ੍ਹਾਂ ਬਾਰੇ ਪਹਿਲਾਂ ਵੀ ਕਾਫੀ ਕੁਝ ਬੋਲਿਆ ਜਾ ਚੁਕਿਆ ਹੈ,ਪਰ ਇਹਨਾਂ ਬਾਰੇ ਜਿੰਨਾ ਵੀ ਕਿਹਾ ਜਾਵੇ ਉਹ ਬਹੁਤ ਘੱਟ ਹੈ । ਸਭ ਤੋਂ ਪਹਿਲਾਂ ਇਹਨਾਂ ਪੁਲਿਸ ਨੂੰ ਸਿੱਧਾ ਕੀਤਾ,ਸਾਡੇ ਸੂਬੇ ਦੀ ਰੱਖਿਆ ਕੀਤੀ । ਪੁਲਿਸ ਨੇ ਬਹੁਤ ਹੀ ਆਂਤਕ ਮਚਾਇਆ ਹੋਇਆ ਸੀ । ਜੇ ਇਹ ਪੁਲਿਸ ਨੂੰ ਨਾ ਸਿੱਧਾ ਕਰਦੇ ਤਾਂ ਆਮ ਜਨਤਾ ਦਾ ਬਹੁਤ ਬੁਰਾ ਹਾਲ ਹੋਣਾ ਸੀ । ਸਾਰੇ ਸੂਬੇ ਚ ਇਹਨਾਂ ਦੇ ਬਿਨਾਂ ਪੱਤਾ ਵੀ ਨਹੀਂ ਹਿੱਲ ਸਕਦਾ ।”
“ਸਾਲੇ ਯੂਥ ਆਗੂ ਦੇ ਨਾ ਹੋਣ ਤਾਂ ਅਖੇ ਇਹਨਾਂ ਬਿਨਾਂ ਪਤਾ ਨਹੀਂ ਹਿੱਲਦਾ,ਸਭ ਸਾਲੇ ਨਸੇੜੀ ਆ ਇਹ ਗੋਲੀਆਂ ਦੇ ਪੱਤੇ ਬਿਨਾਂ ਨਹੀਂ ਹਿੱਲਦੇ ।” ਮੈਡੀਕਲ ਸਟੋਰ ਦਾ ਮਾਲਿਕ ਬੋਲਿਆ । 

****

ਪੰਦਰਾਂ ਅਗਸਤ

“ਚਾਚਾ ਵਧਾਈਆਂ ਤੈਨੂੰ ।”
“ਤੈਨੂੰ ਵੀ ਪੁੱਤ ਸਵਾ ਵਧਾਈਆਂ……।ਪਰ ਕਾਹਦੀਆਂ……।?”ਚਾਚੇ ਨੇ ਪੁਛਿਆ
“ਚਾਚਾ ਪੰਦਰਾਂ ਅਗਸਤ ਦੀਆਂ,ਅੱਜ ਆਪਾਂ ਆਜਾਦ ਹੋਏ ਸਾਂ ।”ਭਤੀਜੇ ਨੇ ਕਿਹਾ
“ਹਾਂ ਪੁੱਤ ਅੰਗਰੇਜਾਂ ਕੋਲੋਂ ਤਾਂ ਆਜ਼ਾਦ ਹੋ ਗਏ ਸੀ ਤੇ ਆਪਣਿਆਂ ਕੋਲ ਗੁਲਾਮ ਹੋ ਗਏ ਹਾਂ।”
“ਚਾਚਾ ਹੁਣ ਕਾਹਦੇ ਗੁਲਾਮ ਆਂ,ਹੁਣ ਤਾਂ ਅਸੀਂ ਆਜਾਦ ਹਾਂ ਤੇ ਆਜਾਦੀ ਦਾ ਜਸਨ ਮਨਾ ਰਹੇ ਹਾਂ,ਚਾਚਾ ਅੱਜ ਤਾਂ ਜਿਹੜਾ ਬੰਦਾ ਜੋ ਕੰਮ ਕਰ ਰਿਹਾ ਉਸਨੂੰ ਕਰਨ ਦਿਉ ਅਸੀਂ ਆਜਾਦ ਹਾਂ । ਚਾਚਾ ਅੱਜ ਤਾਂ ਜੇ ਕੋਈ ਗੁਲਾਮ ਵੀ ਸੁੱਤਾ ਪਿਆ ਹੋਵੇਗਾ ਉਹ ਵੀ ਆਜਾਦੀ ਦਾ ਸੁਪਨਾ ਲੈ ਰਿਹਾ ਹੋਵੇਗਾ ।”
“ਭਤੀਜ ਏਥੇ ਤੇਰੀ ਤੇ ਮੇਰੀ ਸੋਚ ਚ ਫਰਕ ਪੈ ਗਿਆ । ਜੇ ਕੋਈ ਸੁੱਤੇ ਹੋਏ ਗੁਲਾਮ ਨੂੰ ਵੇਖੋ ਤਾਂ ਉਸਨੂੰ ਜੋਰ ਜੋਰ ਰੌਲਾ ਪਾਅ ਕੇ ਜਗਾਉ ਤੇ ਆਜਾਦੀ ਬਾਰੇ ਦਸੋ ।”ਚਾਚੇ ਨੇ ਕਿਹਾ

****

ਭਵਿੱਖ

“ਮੈਂ ਕਿਹਾ ਜੀ, ਉਠੋ, ਤੁਹਾਨੂੰ ਕੋਈ ਮਾਂਵਾਂ ਧੀਆਂ ਟੇਵਾ ਵਿਖਾਉਣ ਆਈਆਂ ।”ਪੰਡਤ ਜੀ ਦੀ ਘਰਵਾਲੀ ਨੇ ਪੰਡਤ ਜੀ ਨੂੰ ਕਿਹਾ ।
“ਕੀ ਹੋਇਆ।।? ਐਨਾ ਸੋਹਣਾ ਸੁਪਨਾ ਆ ਰਿਹਾ ਸੀ ਸਾਰਾ ਹੀ ਖਰਾਬ ਕਰ ਦਿੱਤਾ ।”ਪੰਡਤ ਨੇ ਪੁੱਛਿਆ
“ਉਠ ਕੇ ਮੂੰਹ ਧੋ ਲਉ,ਕੋਈ ਟੇਵਾ ਵਿਖਾਉਣ ਆਇਆ ।”ਘਰਵਾਲੀ ਗੁੱਸੇ ਚ ਬੋਲੀ ਤੇ ਰਸੋਈ ਚ ਚਲੀ ਗਈ ਤੇ ਪੰਡਤ ਜੀ ਮੂੰਹ ਹੱਥ ਧੋ ਪੰਜ ਇਸ਼ਨਾਨਾ ਕਰਕੇ ਬੈਠਕ ਚ ਚਲੇ ਗਏ ।
“ਪੰਡਤ ਜੀ ਨਮਸ਼ਕਾਰ ।”ਬੈਠਕ ਚ ਬੈਠੀ ਕੁੜੀ ਤੇ ਉਸਦੀ ਮਾਂ ਨੇ ਕਿਹਾ ।
“ਨਮਸ਼ਕਾਰ ਭਾਈ ਨਮਸ਼ਕਾਰ,ਹਾਂ ਭਾਈ ਪੁਛੋ ਕੀ ਪੁੱਛਣਾ …।।?” ਪੰਡਤ ਜੀ ਨੇ ਅੱਖਾਂ ਬੰਦ ਕਰਕੇ ਕਿਹਾ ।
“ਪੰਡਤ ਜੀ ਕੁੜੀ ਨੇ ਪਲੱਸ ਟੂ ਕਰ ਲਈ ਹੈ ਤੇ ਹੁਣ ਨਰਸਿੰਗ ਦਾ ਕੋਰਸ ਕਰਨਾ ਚਾਹੁੰਦੀ ਆ,ਕਰਾ ਦੇਈਏ ਕੋਰਸ ਏਹਨੂੰ ਕੇ ਨਾ ਕਰਾਈਏ ?”

ਗੁੰਮਰਾਹ ਜਨਤਾ

ਦੋ ਰਾਜੇ ਨੇ । ਉਹਨਾਂ ਦੀ ਲੜਾਈ ਰਹਿੰਦੀ ਹੈ । ਇਕ ਨੇ ਚਿੱਟੀ ਵਰਦੀ ਪਾਈ ਹੈ । ਦੂਜੇ ਨੇ ਨੀਲੀ ਵਰਦੀ ਪਾਈ ਹੈ । ਉਹ ਦੋਨੋ ਲੜ ਪਏ । ਪਰਜਾ ਵੀ ਵੇਖੋ ਵੇਖੀ ਲੜਨ ਲੱਗ ਪਈ । ਪਰਜਾ ਲੜੀ ਗਈ ਲੜੀ ਗਈ ਲੜੀ ਗਈ । ਪਰ ਪਰਜਾ ਦੇ ਕੋਈ ਵਰਦੀ ਨਹੀਂ ਸੀ ਪਾਈ ਹੋਈ ਕਈ ਤਾਂ ਨੰਗੇ ਹੀ ਨੇ । ਲੜਦੇ ਲੜਦੇ ਪਰਜਾ ਭੁੱਲ ਹੀ ਗਈ ਕਿ ਉਹ ਕੀਹਦੇ ਵਲੋਂ ਤੇ ਕਿਉਂ ਲੜ ਰਹੇ ਨੇ………? ਤਾਂ ਲੜਦੇ ਲੜਦੇ ਕਿਸੇ ਨੇ ਪੁਛਿਆ
“ਬਾਈ ਆਪਾਂ ਕਿਉਂ ਲੜੀ ਜਾਨੈ ਆਂ……?”
“ਆਪਾਂ… !… ?…ਆਪਾਂ……? ਆਪਾਂ ਰਾਜੇ ਲਈ ਲੜ ਰਹੇ ਆਂ?”
“ਕਿਹੜੇ ਰਾਜੇ ਲਈ…………?”
“ਮੈਨੂੰ ਨਹੀਂ ਪਤਾ ਯਾਰ,ਮੈਂ ਤਾਂ ਆਪ ਤੇਰੇ ਵਰਗਾਂ……?”
“ਮੇਰੇ ਕੋਲ ਤਾਂ ਸੋਚਣ ਦਾ ਸਮਾਂ ਨਹੀਂ……?”ਤੇ ਉਹ ਫੇਰ ਲੜਨ ਲੱਗ ਪਿਆ ।
ਥੋੜੀ ਦੇਰੇ ਬਾਅਦ ਕੁਝ ਕੁ ਪਰਜਾ ਮਰ ਚੁੱਕੀ ਸੀ ਤੇ ਕੁੱਝ ਕੁ ਜਖਮੀ ਹੋ ਚੁੱਕੀ ਸੀ । ਇਕ ਰਾਜਾ ਮਰ ਗਿਆ ਸੀ ਤੇ ਦੂਜਾ ਰਾਜਾ ਜਖਮੀ ਹੋ ਗਿਆ,ਜਖਮੀ ਪਰਜਾ ਦਾ ਹੁਣ ਜਖਮੀ ਰਾਜਾ ਸੀ ।           

****

ਬੁੱਧੀਮਾਨ

ਇਕ ਵਿਗਿਆਨਕ ਨੇ ਇਕ ਸੈਮੀਨਾਰ ਕੀਤਾ । ਲੋਕਾਂ ਦਾ ਬਹੁਤ ਵਿਸ਼ਾਲ ਇਕੱਠ ਹੋਇਆ । ਉਸ ਵਿਗਿਆਨਕ ਨੇ ਇਕ ਸਰਵੇ ਕੀਤਾ ਸੀ ਕਿ ਕਿਹੜੀ ਜਾਤ ਨੂੰ ਕਿੰਨੀ ਕਿੰਨੀ ਬੁੱਧੀ ਹੈ । ਉਸਨੇ ਲੋਕਾਂ ਦੇ ਇਸ ਭਾਰੀ ਇੱਕਠ ਚ ਇਕ ਪ੍ਰੋਜੈਕਟਰ ਚਲਾਇਆ । ਤੇ ਬੋਲਿਆ
“ਲੇਡੀਜ਼ ਐਂਡ ਜੈਂਟਲਮੈਨ,ਫਸਟ ਆਫ ਆਲ,ਮੇਰੀ ਗੱਲ ਦਾ ਕਿਸੇ ਨੇ ਮਾਈਡ ਨਹੀਂ ਕਰਨਾ,ਇਹ ਮੇਰਾ ਨਿੱਜੀ ਸਰਵੇ ਹੈ ।”
“ਸਰਦਾਰਾਂ ਦੀ ਸਭ ਤੋਂ ਘੱਟ ਬੁੱਧੀ ਹੁੰਦੀ ਹੈ । ਉਹ ਦੁਨੀਆ ਬਾਰੇ ਏਨਾ ਹੀ ਜਾਣਦੇ ਨੇ ।”
ਫੇਰ ਉਸਨੇ ਇਕ ਥੋੜੀ ਵੱਡੀ ਜੀਰੋ ਸਕਰੀਨ ਤੇ ਵਿਖਾਈ ਤੇ ਬੋਲਿਆ
“ਬਾਣੀਆ(ਮਾਰਵਾੜੀ) ਦੀ ਬੁੱਧੀ ਏਨੀ ਹੁੰਦੀ ਹੈ । ਉਹ ਦੁਨੀਆ ਬਾਰੇ ਏਨਾ ਹੀ ਜਾਣਦੇ ਨੇ ।”
ਉਸਤੋਂ ਬਾਅਦ ਉਸਨੇ ਇਕ ਹੋਰ ਵੱਡੀ ਜੀਰੋ ਬਣਾ ਦਿੱਤੀ ਤੇ ਬੋਲਿਆ
“ਇਹ ਵਿਗਿਆਨੀਆਂ ਦੀ ਬੁੱਧੀ ਹੈ ਜਿਹੜੇ ਦੁਨੀਆ ਬਾਰੇ ਬਹੁਤ ਕੁਛ ਜਾਣਦੇ ਨੇ,ਮੇਰੀ ਗੱਲ ਦਾ ਮਾਈਂਡ ਨਾ ਕਰਿਉ,ਇਹ ਮੇਰੀ ਬੇਨਤੀ ਹੈ,ਕਿਸੇ ਨੇ ਕਿਸੇ ਕਿਸਮ ਦਾ ਮਾਈਂਡ ਨਹੀਂ ਕਰਨਾ ਮੈਂ ਪਹਿਲਾਂ ਵੀ ਕਿਹਾ ਹੈ ।”
ਤਦੇ ਹੀ ਇਕ ਸਾਧਾਰਨ ਆਦਮੀ ਭੀੜ ਚੋਂ ਨਿਕਲ ਕੇ ਸਟੇਜ ਤੇ ਆਇਆ ਤੇ ਬੋਲਿਆ
“ਮੇਰੀ ਗੱਲ ਦਾ ਤੁਸੀਂ ਮਾਈਡ ਨਾ ਕਰਿਉ,ਦੁਨੀਆ ਬਹੁਤ ਵਿਸ਼ਾਲ ਹੈ ਇਸੇ ਤਰ੍ਹਾਂ ਜਿਵੇਂ ਬੁੱਧੀ ਬਹੁਤ ਵਿਸ਼ਾਲ ਹੈ,ਦੁਨੀਆ ਨਾ ਸਰਦਾਰ ਜਾਣਦਾ ਹੈ ਤੇ ਨਾ ਹੀ ਬਾਣੀਆ ਤੇ ਨਾ ਹੀ ਵਿਗਿਆਨਕ,ਆਪਾਂ ਸਭ ਅੰਦਾਜਾ ਲਗਾ ਸਕਦੇ ਆਂ,ਕੋਈ ਖੋਜ਼ ਕਰ ਸਕਦੇ ਹਾਂ,ਦੁਨੀਆ ਬਹੁਤ ਵਿਸ਼ਾਲ ਹੈ,ਬੁੱਧੀ ਬਹੁਤ ਵਿਸ਼ਾਲ ਹੈ,ਇਸਦਾ ਜਾਤਪਾਤ ਨਾਲ ਕੋਈ ਲੈਣ ਦੇਣ ਨਹੀਂ ।”
ਉਹ ਜਿਸ ਭੀੜ ਚੋਂ ਆਇਆ ਸੀ ਉਸੇ ਭੀੜ ਚ ਵਾਪਸ ਚਲਿਆ ਗਿਆ ਉਹ ਇਕ ਲੇਖਕ ਸੀ ।

****

ਰਾਜਾ

ਲੂੰਬੜ ਨੂੰ ਪਤਾ ਲੱਗਾ ਕਿ ਜੰਗਲ ਦਾ ਰਾਜਾ ਸੇਰ ਚੂਹੇ ਦੇ ਘਰ ਡਿਨਰ ਤੇ ਜਾ ਰਿਹਾ ਹੈ । ਉਹ ਭੱਜਿਆ ਭੱਜਿਆ ਸੇਰ ਘਰ ਗਿਆ । ਸੇਰ ਘਰ ਜਾ ਕੇ ਉਹ ਬੋਲਿਆ
“ਰਾਜਾ ਜੀ ਤੁਸੀਂ ਚੂਹੇ ਘਰ ਡਿਨਰ ਤੇ ਜਾ ਰਹੇ ਹੋ………? ਤੁਹਾਨੂੰ ਕੀ ਹੋ ਗਿਆ ਤੁਸੀਂ ਮੇਰੇ ਘਰ ਆਉਣਾ ਸੀ……।?”
“ਵੇਖ ਆਪਣੀ ਤਾਂ ਘਰ ਦੀ ਗੱਲ ਆ,ਤੇਰੇ ਘਰ ਤਾਂ ਮੈਂ ਫੇਰ ਵੀ ਆ ਜਾਵਾਂਗਾ ।”
“ਕਿਉਂ ਫੇਰ ਕਿਉਂ,ਅੱਜ ਕਿਉਂ ਨਈਂ…।।?”
“ਉਏ ਕਮਲਿਆ ਅਕਲ ਦਿਆ ਅੰਨਿਆ,ਮੈਂ ਤਾਂ ਇਸ ਦੋ ਤਿੰਨ ਮਹੀਨੇ ਲਗਾਤਾਰ ਚੂਹੇ ਦੇ ,ਹਿਰਨ ਦੇ ਤੇ ਖਰਗੋਸ਼ ਦੇ ਇਨ੍ਹਾਂ ਸਭ ਦੇ ਡਿਨਰ ਕਰਨ ਜਾਣਾ,ਅੱਗੇ ਇਲੈਕਸ਼ਨ ਆ ਰਹੇ ਨੇ,ਜੇ ਜਨਤਾ ਦੇ ਡੋਰ ਟੂ ਡੋਰ ਨਾ ਗਿਆ ਤਾਂ ਆਪਣੀ ਸਰਕਾਰ ਕਿਵੇਂ ਬਣੂ…।।?”
ਲੂੰਬੜ ਨੂੰ ਹੁਣ ਸਾਰੀ ਗੱਲ ਸਮਝ ਆਈ ।

****

ਖੇਡ

ਐਤਵਾਰ ਦਾ ਦਿਨ ਮੈਂ ਪੂਰੇ ਆਰਾਮ ਦੇ ਮੂਡ ਚ ਸੀ ਜਦੋਂ ਘਰ ਆਇਆ ਤਾਂ ਪੋਰਚ ਚ ਚਾਰ ਬੱਚੇ ਆਰਾਮ ਨਾਲ ਚੁੱਪ ਚਾਪ ਬੈਠੇ ਖੇਡ ਰਹੇ ਸਨ ਤੇ ਵਿਹੜੇ ਚ ਪੰਜ ਛੇ ਜਵਾਕ ਹੱਥਾਂ ਚ ਰੋੜੇ,ਆਂਡੇ ,ਕੜਛੀਆਂ, ਡੋਂਗੇ,ਚਮਚੇ,ਬਹੁਤ ਰੌਲਾ ਪਾਈ ਜਾਂਦੇ ਸੀ ਉੱਚੀ ਉੱਚੀ ਬੋਲੀ ਜਾਂਦੇ ਸੀ । ਮੈਨੂੰ ਬਹੁਤ ਗੁੱਸਾ ਆਇਆ ਤੇ ਮੈਂ ਇਕ ਬੱਚੇ ਨੂੰ ਕੰਨੋਂ ਫੜ ਕੇ ਪੁਛਿਆ ਆ ਕੀ ਕਰੀ ਜਾਂਦੇ ਹੋ……।।?
“ਅਸੀਂ ਖੇਡ ਰਹੇ ਹਾਂ…।।”ਬੱਚੇ ਨੇ ਬਿਨਾਂ ਡਰੇ ਕਿਹਾ
“ਮੈਂ ਕਿਹਾ ਉਹ ਵੇਖੋ ਕਿਵੇਂ ਚੁੱਪਚਾਪ ਬੱਚੇ ਖੇਡ ਰਹੇ ਨੇ ਉਹਨਾਂ ਦੀ ਕੋਈ ਆਵਾਜ਼ ਆਉਂਦੀ ਹੈ………।?”
“ਅੰਕਲ ਜੀ ਉਹ ਘਰ ਘਰ ਖੇਡ ਰਹੇ ਨੇ ਤੇ ਅਸੀਂ ਤਾਂ ਸ਼ੰਸ਼ਦ ਸ਼ੰਸ਼ੰਦ ਖੇਡ ਰਹੇ ਹਾਂ ।”ਬੱਚੇ ਨੇ ਬੜੇ ਹਿੰਮਤ ਨਾਲ ਤੇ ਵਿਸ਼ਵਾਸ ਨਾਲ ਕਿਹਾ ਤੇ ਉਹ ਫੇਰ ਉੱਚੀ ਉੱਚੀ ਰੌਲਾ ਪਾ ਰਹੇ ਸੀ ਮੈਂ ਉਹਨਾਂ ਨੂੰ ਆਰਾਮ ਨਾਲ ਵੇਖ ਰਿਹਾ ਸੀ ।

ਵਾਹ ਲੰਬੂ ਪੁੱਤ

ਅੱਜ ਪੋਤੇ ਦਾ ਜਨਰਲ ਨਾਲਿਜ਼ ਦਾ ਪੇਪਰ ਸੀ । ਪੋਤਾ ਬਹੁਤ ਖੁਸ਼ ਸੀ । ਘਰ ਪਹੁੰਚਦੇ ਹੀ ਦਾਦੇ ਨੇ ਗਲਵਕੜੀ ਚ ਲੈਂਦੇ ਹੋਏ ਪੁਛਿਆ
“ਕਿਹੋ ਜਿਹਾ ਰਿਹਾ ਮੇਰੇ ਲੰਬੂ ਪੁੱਤ ਦਾ ਪੇਪਰ…।?”ਦਾਦਾ ਜੀ ਨੇ ਆਪਣੀ ਆਦਤ ਅਨੁਸਾਰ ਪਿਆਰ ਨਾਲ ਪੁਛਿਆ
“ਵੱਡੇ ਪਾਪਾ ਤੁਸੀਂ ਦੱਸੋ ਸਭ ਤੋਂ ਵੱਡਾ ਕੌਣ ਹੈ ਤੇ ਇਸਨੂੰ ਬੰਦਾ ਅੱਲਗ ਅੱਲਗ ਨਾਵਾਂ ਨਾਲ ਪੁਕਾਰਦਾ ਹੈ ਤੇ ਮਹਿਸੂਸ ਕਰਦਾ ਹੈ……? ਪੋਤੇ ਨੇ ਦਾਦੇ ਨੂੰ ਪੁਛਿਆ
“ਸਭ ਤੋਂ ਵੱਡਾ ਰੱਬ ਹੈ ਜਿਸਨੂੰ ਬੰਦਾ ਪ੍ਰਮਾਤਮਾ,ਰੱਬ,ਭਗਵਾਨ,ਰਾਮ,ਕ੍ਰਿਸ਼ਨ ਅੱਲਾ,ਗਾੱਡ,ਦੇਵੀ ਦੇਵਤਿਆਂ ਨੂੰ ਅੱਲਗ ਅੱਲਗ ਨਾਵਾਂ ਨਾਲ ਮੰਨਦਾ ਹੈ ਪਰ ਇਹਨਾਂ ਸਭ ਦਾ ਇਕੋ ਹੀ ਰੂਪ ਹੈ ਤੇ ਕਈ ਇਸਨੂੰ ਅੱਖਾਂ ਬੰਦ ਕਰਕੇ ਮਹਿਸੂਸ ਕਰਦੇ ਨੇ ।”ਦਾਦਾ ਜੀ ਨੇ ਬੜੀ ਵਿਸਥਾਰ ਚ ਦੱਸਦੇ ਹੋਏ ਕਿਹਾ ।
“ਨਹੀਂ ਵੱਡੇ ਪਾਪਾ ਜੀ ਇਸਦਾ ਇਹ ਜਵਾਬ ਨਹੀਂ ਇਸਦਾ ਜਵਾਬ ਹੋਰ ਹੈ ।”
“ਕੀ ਹੈ ਪੁੱਤ ਇਸਦਾ ਜਵਾਬ……।?” ਦਾਦਾ ਜੀ ਨੇ ਬੜੀ ਉਤਸੁਕਤਾ ਤੇ ਹੈਰਾਨੀ ਨਾਲ ਪੁਛਿਆ ।
“ਦੁਨੀਆਂ ਚ ਸਭ ਤੋਂ ਵੱਡਾ ਪਿਆਰ ਹੈ ਜਿਸਨੂੰ ਆਪਾਂ ਪ੍ਰੇਮ,ਲਵ,ਪਿਆਰ ਅੱਲਗ ਅੱਲਗ ਭਸ਼ਾਵਾਂ ਚ ਅੱਲਗ ਅੱਲਗ ਨਾਵਾਂ ਨਾਲ ਪੁਕਾਰਦੇ ਹਾਂ ਪ੍ਰੇਮ ਹੋਵੇ ਤਾਂ ਬਿਗਾਨਿਆਂ ਨੂੰ ਵੀ ਵਸ ਚ ਕਰ ਲੈਂਦਾ ਹੈ,ਪ੍ਰੇਮ ਨਾ ਹੋਵੇ ਤਾਂ ਆਪਣੇ ਵੀ ਬਿਗਾਨੇ ਹੋ ਜਾਂਦੇ ਨੇ,ਇਸ ਨੂੰ ਹਰ ਇਨਸਾਨ,ਜਾਨਵਰ,ਪੰਛੀ,ਕੀੜੇ,ਮਕੌੜੇ,ਜੀਵ ਜੰਤੂ ਮਹਿਸੂਸ ਕਰਦੇ ਨੇ ਚਾਹੇ ਹਜ਼ਾਰਾਂ ਮੀਲ ਦੂਰ ਬੈਠੇ ਹੋਣ,ਸਗੋਂ ਜਿਉਂ ਜਿਉਂ ਦੂਰੀ ਵੱਧਦੀ ਹੈ ਪ੍ਰੇਮ ਵੱਧਦਾ ਹੈ । ਪਿਆਰ ਚ ਕੋਈ ਪਿਆਰਾ ਲੱਗੇ ਤਾਂ ਉਸਨੂੰ ਮਿਲਣਾ ਜਰੂਰੀ ਨਹੀਂ,ਉਸਦਾ ਖਿਆਲ ਹੀ ਆ ਜਾਣਾ ਮਹਿਸੂਸ ਕਰਨਾ ਹੀ ਪੂਰਤੀ ਹੈ, ਪ੍ਰੇਮ ਨੂੰ ਹਰ ਕੋਈ ਪਸੰਦ ਕਰਦਾ ਹੈ । ਇਹ ਪ੍ਰੇਮ ਤਾਂ ਰੱਬ ਨੂੰ ਵੀ ਵਸ ਚ ਕਰ ਲੈਂਦਾ ਹੈ ।”ਪੋਤੇ ਨੇ ਦਾਦੇ ਨੂੰ ਵਿਸਥਾਰ ਚ ਦਸਿਆ ਤਾਂ ਦਾਦੇ ਨੇ ਪੋਤੇ ਨੂੰ ਘੁੱਟ ਕੇ ਗਲ ਨਾਲ ਲਾਅ ਲਿਆ ਤੇ ਅੱਖਾਂ ਚੋਂ ਹੰਝੂ ਨਿਕਲ ਆਏ ਤੇ ਬੋਲੇ
“ਪੁੱਤ ਤੂੰ ਮੈਨੂੰ ਅੱਜ ਬਹੁਤ ਵੱਡੀ ਗੱਲ ਦੱਸੀ ਹੈ ਮੈਂ ਸਾਰੀ ਉਮਰ ਕੱਢ ਦਿੱਤੀ ।”ਪੋਤੇ ਦਾ ਸਿਰ ਪਲੋਸਦੇ ਹੋਏ ਕਿਹਾ
“ਵੱਡੇ ਪਾਪਾ ਇਹ ਗੱਲ ਮੈਂ ਤੁਹਾਡੇ ਕੋਲੋਂ ਹੀ ਸਿੱਖੀ,ਤੁਸੀਂ ਸਾਨੂੰ ਕਿੰਨਾ ਪਿਆਰ ਕਰਦੇ ਹੋ,ਮੈਂ ਤਾਂ ਕਦੇ ਰੱਬ ਵੇਖਿਆ ਨਹੀਂ ਮੈਂ ਤਾਂ ਹਮੇਸ਼ਾਂ ਤੁਹਾਡਾ ਪਿਆਰ ਵੇਖਿਆ,ਮਹਿਸੂਸ ਕੀਤਾ,ਬਸ ਅੱਜ ਇਹੀ ਲਿਖ ਕੇ ਆਇਆਂ ਹਾਂ,ਠੀਕ ਆ ਨਾ ਵੱਡੇ ਪਾਪਾ ਜੀ…।?”ਦਾਦੇ ਨੇ ਪੋਤੇ ਨੂੰ ਗੱਲ ਲਾਅ ਲਿਆ ਤੇ ਮੂੰਹੋਂ ਨਿਕਲਿਆ “ਵਾਹ ਮੇਰੇ ਲੰਬੂ ਪੁੱਤ” ਤੂੰ ਲੰਬਾ ਹੀ ਨਹੀਂ ਸਿਆਣਾ ਵੀ ਹੋ ਗਿਆ ਬਹੁਤ ਸਿਆਣਾ ਜਿਸਨੇ ਆਪਣੇ ਦਾਦੇ ਨੂੰ ਪ੍ਰੇਮ ਸਿਖਿਆ ਦਿੱਤੀ ।”
****

ਚੇਹਰੇ

ਦਿੱਲੀ ਸ਼ਹਿਰ । ਦੋ ਦਿਨ ਦਾ ਕੰਮ ਸੀ । ਮੈਂ ਸੜਕ ਦੇ ਕਿਨਾਰੇ ਤੇ ਕੜਾਕੇ ਦੀ ਠੰਡ ਚ ਇਕ ਬਿਨਾਂ ਲੱਤਾਂ ਬਾਹਾਂ ਤੋਂ ਇਕ ਭਿਖਾਰੀ ਨੂੰ ਫਟੇ ਪੁਰਾਣੇ ਕਪੜਿਆਂ ਚ ਇਕ ਦਰੀ ਤੇ ਪਏ ਨੂੰ ਭੀਖ ਮੰਗਦੇ ਹੋਏ ਵੇਖਿਆ । ਮੈਨੂੰ ਉਸਤੇ ਤਰਸ ਆਇਆ ਮੈਂ ਗੱਡੀ ਚੋਂ ਆਪਣੇ ਬੈਗ ਚੋਂ ਕੁਝ ਕਪੜੇ ਤੇ ਇਕ ਕੰਬਲ ਕੱਢ ਕੇ ਭਿਖਾਰੀ ਨੂੰ ਦੇ ਦਿੱਤਾ ਤੇ ਮਨ ਹੀ ਮਨ ਸੋਚਿਆ ਪ੍ਰਮਾਤਮਾ ਦੇ ਕੀ ਰੰਗ ਨੇ ਵਿਚਾਰੇ ਦੀ ਕੀ ਕਿਸਮਤ ? ਮੈਂ ਸੋਚਿਆ ਕਿ ਕੱਲ ਨੂੰ ਮੈਂ ਫੇਰ ਆ ਕੇ ਇਸਨੂੰ ਕੁੱਝ ਪੈਸੇ ਦੇ ਦੇਵਾਂਗਾ । ਸਾਰੀ ਰਾਤ ਮੈਂ ਉਸ ਭਿਖਾਰੀ ਤੇ ਉਸ ਵਰਗੇ ਬੰਦਿਆਂ ਬਾਰੇ ਸੋਚਦਾ ਰਿਹਾ । ਅਗਲੇ ਦਿਨ ਸਵੇਰੇ ਸਵੇਰੇ ਮੈਂ ਏ ਟੀ ਐਮ ਚੋਂ ਪੈਸੇ ਕੱਢਵਾ ਕੇ ਉੱਥੇ ਗਿਆ ਜਿੱਥੇ ਭਿਖਾਰੀ ਪਿਆ ਸੀ । ਪਰ ਅੱਜ ਉੱਥੇ ਭਿਖਾਰੀ ਨਹੀਂ ਸੀ ਤੇ ਨਾ ਹੀ ਕੋਈ ਦਰੀ ਵਿਛੀ ਸੀ । ਮੈਂ ਫੁਟਪਾਥ ਦੇ ਕੋਲ ਦੁਕਾਨ ਵਾਲੇ ਕੋਲੋਂ ਪੁਛਿਆ ਤਾਂ ਉਹ ਹੱਸ ਪਿਆ ਤੇ ਬੋਲਿਆ “ਬਸ ਆਉਣ ਹੀ ਵਾਲੇ ਨੇ ਸਾਹਬ ਜੀ ।” ਤਦੇ ਹੀ ਇਕ ਲੰਬੀ ਕਾਰ ਰੁਕੀ ਉਸ ਵਿਚੋਂ ਦੋ ਬੰਦੇ ਨਿਕਲੇ ਉਹਨਾਂ ਨੇ ਛੇਤੀ ਛੇਤੀ ਇਕ ਪਾਟੀ ਜਿਹੀ ਦਰੀ ਵਿਛਾਈ ਤੇ ਦੂਜੇ ਨੇ ਉਸ ਬਿਨਾਂ ਲੱਤਾਂ ਬਾਹਾਂ ਵਾਲੇ ਭਿਖਾਰੀ ਨੂੰ ਦਰੀ ਤੇ ਪਾਅ ਦਿੱਤਾ ਤੇ ਉਸਦੇ ਅੱਖਾਂ ਚ ਦਵਾਈ ਪਾਈ ਤੇ ਮੂੰਹ ਤੇ ਕਾਲੇ ਪੀਲੇ ਰੰਗ ਜਿਹੇ ਮਲ ਕੇ ਕਾਫੀ ਸਾਰੀ ਭਾਨ ਉਹਦੇ ਦੁਆਲੇ ਸੁਟ ਕੇ ਚਲੇ ਗਏ । ਦੁਕਾਨਦਾਰ ਸਮਝਦਾਰ ਸੀ ਤੇ ਉਹ ਮੇਰੇ ਚੇਹਰੇ ਤੋਂ ਸਾਰਾ ਕੁਛ ਪੜ ਚੁਕਿਆ ਸੀ ਉਸਨੇ ਮੇਰੇ ਮੋਢੇ ਤੇ ਹੱਥ ਰੱਖ ਕੇ ਕਿਹਾ ਬਾਬੂ ਜੀ “ਇਹ ਮਹਾਂਨਗਰ ਹੈ ਏਥੇ ਤੁਸੀਂ ਕਿਸੇ ਬਾਰੇ ਸੋਚ ਸਕਦੇ ਹੋ ਤਾਂ ਸੁਖਾਂਤ ਹੈ ਜੇ ਮਹਿਸੂਸ ਕਰ ਗਏ ਤਾਂ ਦੁਖਾਂਤ ਹੈ ।”ਮੈਂ ਵਾਪਿਸ ਪਿੰਡ ਆ ਗਿਆ ਸੀ ।

****

ਆਪ ਜੀ………?

ਆਪ ਜੀ ਦਾ ਜਨਮ ਹੋ ਹੀ ਨਹੀਂ ਰਿਹਾ ਸੀ । ਸਮਾਂ ਦਸ ਮਹੀਨੇ ਪੂਰੇ ਹੋ ਚੁੱਕੇ ਸਨ ।ਆਪ ਜੀ ਦੀ ਮਾਤਾ ਜੀ ਨੇ ਉਸ ਉਪਰ ਵਾਲੇ ਅੱਗੇ ਅਰਦਾਸ ਕੀਤੀ ਜਾਂ ਮੇਰੀ ਜਾਨ ਕੱਢ ਲਉ
ਆਪ ਜੀ ਦਾ ਜਨਮ 31 ਮਾਰਚ ਨੂੰ ਪੰਜਾਬ ਦੀ ਧਰਤੀ ਤੇ ਹੋਇਆ । ਉਸ ਦਿਨ ਆਪ ਜੀ ਦੇ ਬਾਪ ਜੀ ਨੇ ਬਹੁਤ ਸ਼ਰਾਬ ਪੀਤੀ ਹੋਈ ਸੀ ਕਿਉਂਕਿ ਉਸ ਦਿਨ ਠੇਕੇ ਟੁੱਟੇ ਹੋਏ ਸਨ ਤੇ ਸ਼ਰਾਬ ਸਸਤੀ ਮਿਲ ਰਹੀ ਸੀ ਆਪ ਜੀ ਦੇ ਜਨਮ ਦੀ ਗੱਲ ਜਦੋਂ ਆਪ ਜੀ ਦੇ ਸ਼ਰਾਬੀ ਬਾਪ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਇਕ ਢੱਕਣ ਸ਼ਰਾਬ ਦਾ, ਗੁੱਢਤੀ ਦੇ ਰੂਪ ਚ ਆਪ ਜੀ ਦੇ ਮੂੰਹ ਚ ਪਾਅ ਦਿੱਤਾ ਆਪ ਜੀ ਦੇ ਬਾਪ ਜੀ ਨੇ ਆਪ ਜੀ ਦੇ ਜੰਮਣ ਦੀ ਖੁਸ਼ੀ ਚ ਸਾਰੇ ਆਂਢੀ ਗੁਆਂਢੀ ਟੱਲੀ ਕਰ ਦਿੱਤੇ ਤੇ ਕਈਆਂ ਨੂੰ ਉਲਟੀਆਂ ਟੱਟੀਆਂ ਵੀ ਲੱਗੀਆਂ । ਆਪ ਜੀ ਕਮਜੋਰ ਹੋਣ ਕਾਰਨ ਆਪ ਜੀ ਦੇ ਬਾਪ ਜੀ ਨੇ ਕਈ ਵਾਰੀ ਆਪ ਜੀ ਨੂੰ ਅਫੀਮ ਵੀ ਚਟਾਈ । ਆਪ ਜੀ ਨਸ਼ੇ ਚ ਹੋਲੀ ਹੋਲੀ ਵੱਡੇ ਹੋਏ ਤੇ ਆਪ ਜੀ ਨਸ਼ੇ ਚ ਜੰਮੇ ਪਲੇ ਹੋਣ ਕਾਰਨ, ਨਸ਼ੇ ਦੇ ਬਚਪਨ ਤੋਂ ਹੀ ਆਦਿ ਸਨ ਇਸ ਕਰਕੇ ਨਸ਼ਾ ਕਰਨ ਵਿਚ ਆਪ ਜੀ ਨੂੰ ਕੋਈ ਦਿੱਕਤ ਨਹੀਂ ਆਈ । ਆਪ ਜੀ ਦੀ ਮੁਢਲੀ ਸਿਖਿਆ ਬਸ ਮੁੱਢ ਚ ਹੀ ਖਤਮ ਹੋ ਗਈ ਪਰ ਇਕ ਅਫੀਮ ਖਾਣੇ ਮਾਸਟਰ ਨੇ ਆਪ ਜੀ ਨੂੰ ਹਿੰਮਤ ਨਹੀਂ ਹਾਰਨ ਦਿੱਤੀ ਆਪ ਜੀ ਉਸਨੂੰ ਕਦੇ ਘਰ ਦੀ ਕੱਢੀ ਸ਼ਰਾਬ,ਕਦੇ ਅਫੀਮ ਦਿੰਦੇ ਤੇ ਉਹ ਹਾਜਰੀਆਂ ਲਾਉਂਦਾ ਰਿਹਾ ਆਪ ਜੀ ਨੂੰ ਪਤਾ ਹੀ ਨਹੀਂ ਚਲਿਆ ਕਦੋਂ ਆਪ ਪੰਜ ਜਮਾਤਾਂ ਪੜ ਗਏ ਉਸਤੋਂ ਬਾਅਤ ਪ੍ਰਮਾਤਮਾ ਦੀ ਕਰਨੀ ਮਾਸਟਰ ਜੀ ਪੂਰੇ ਹੋ ਗਏ ਤੇ ਆਪ ਜੀ ਪੜਾਈ ਅੱਧ ਵਿਚਕਾਰ ਹੀ ਰਹਿ ਗਈ । ਵੈਸੇ ਤਾਂ ਆਪ ਜੀ ਤੇ ਜਵਾਨੀ ਆਈ ਹੀ ਨਹੀਂ ਪਰ ਕਹਿਣ ਨੂੰ ਤਾਂ ਕਹਿਣਾ ਪੈਣਾ । ਆਪ ਜੀ ਕਈ ਵਾਰੀ ਛੋਟੇ ਮੋਟੇ ਕੇਸ਼ਾਂ ਚ ਜਿਵੇਂ ਸ਼ਰਾਬ ਦਾ ਟਰੱਕ ਫੜਿਆ ਜਾਣਾ,ਡੋਡਿਆਂ ਦਾ ਕੈਂਟਰ,ਅਫੀਮ ਦਾ ਕੈਂਟਰ ਆਦਿ ਪਰ ਆਪ ਜੀ ਆਪਣੀ ਪੈਸੇ ਦੀ ਬੁੱਧੀ ਨਾਲ ਹਰ ਵਾਰ ਸਫਲ ਰਹੇ । ਆਪ ਜੀ ਨੇ ਜਵਾਨੀ ਦੇ ਦਿਨਾਂ ਚ ਕਈ ਜੇਲ ਯਾਤਰਾਵਾਂ ਵੀ ਕੀਤੀਆਂ । ਪਰ ਆਪ ਜੀ ਨੇ ਆਪਣਾ ਨਸ਼ੇ ਦਾ ਕਾਰੋਬਾਰ ਜੇਲ ਚ ਵੀ ਕਰਦੇ ਰਹੇ । ਸਗੋਂ ਜੇਲ ਜਾਣ ਤੋਂ ਬਾਅਦ ਆਪ ਜੀ ਦੀ ਮਾੜੀ ਮੋਟੀ ਝਕ ਬਾਕੀ ਸੀ ਉਹ ਵੀ ਖੁੱਲ ਗਈ । ਆਪ ਜੀ ਹੁਣ ਪੂਰੀ ਤਰਾਂ ਪੱਕ ਚੁਕੇ ਨੇ ਤੇ ਆਪ ਜੀ ਨੇ ਵਰਤਮਾਨ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਆਪ ਨੇ ਸੂਬੇ ਦੇ ਸੀ।ਐਮ ਸਾਹਬ ਨੂੰ ਨਿਰਾ ਦੁੱਧ (ਅਸਲ ਅਫੀਮ) ਖਵਾ ਕੇ ਨਿਹਾਲ ਕੀਤਾ । ਹੁਣ ਆਪ ਜੀ ਨੂੰ ਸੂਬੇ ਚ ਨਸ਼ਾ ਵੇਚਣ ਦਾ ਲਾਇਸੰਸ ਮਿਲ ਗਿਆ (ਸੀ।ਐਮ। ਵਲੋਂ ਹਰੀ ਝੰਡੀ) । ਆਪ ਜੀ ਪਹਿਲਾਂ ਪਹਿਲਾਂ ਸਰਪੰਚੀ,ਐਮ ਸੀ,ਫੇਰ ਐਮ।ਐਲ।ਏ,ਐਮ।ਪੀ, ਸਾਰੇ ਇਲੈਕਸ਼ਨਾਂ ਦੌਰਾਨ ਆਪ ਜੀ ਨੇ ਰੱਜ ਕੇ ਨਸ਼ਾ ਵੇਚਿਆ । ਇਲੈਕਸ਼ਨਾਂ ਦੌਰਾਨ ਆਪ ਜੀ ਦੀ ਅਗਨੀ ਪਰੀਖਿਆ ਹੋਈ ਉਸ ਵਕਤ ਆਪ ਜੀ ਇਸ ਵਿਚ ਵੀ ਸਫਲ ਰਹੇ ਕਿਉਂਕਿ ਆਪ ਜੀ ਨੂੰ ਯੂਥ ਲਈ ਫੈਂਸੀ ਡਰਿਲ,ਕੋਰੈਕਸ,ਦਸ ਨੰਬਰੀ ਗੋਲੀਆਂ,ਪਰਾਕਸੀਵਨ,ਲੋਮੋਟੈਲ ਟੱਟੀਆਂ ਦੀਆਂ ਗੋਲੀਆਂ,ਆਇਉਡੈਕਸ,ਅਲਪਰੈਕਸ,ਮੁਫਤ ਲੰਗਰ ਲਾਅ ਕੇ ਆਪ ਜੀ ਨੇ ਯੂਥ ਦੇ ਦਿਲਾਂ ਚ ਜਗ੍ਹਾ ਬਣਾਈ ਤੇ ਸਭ ਨੂੰ ਖੁਸ਼ ਕੀਤਾ ਤੇ ਆਪ ਜੀ ਹੁਣ ਲੱਖਾਂ ਕਰੋੜਾਂ ਚ ਨਹੀਂ ਸਗੋਂ ਅਰਬਾਂ ਚ ਖੇਡ ਰਹੇ ਨੇ,ਸਰਕਾਰ ਕੋਈ ਵੀ ਆਵੇ ਪਰ ਆਪ ਜੀ ਦਾ ਕੰਮਕਾਰ ਬਹੁਤ ਵਧੀਆ ਚੱਲ ਰਿਹਾ ਹੈ ਤੇ ਚੱਲੀ ਜਾਣਾ ਹੈ ਕਿਉਂਕਿ ਆਪ ਜੀ ਨੂੰ ਜਾਚ ਆ ਗਈ ਹੈ । ਆਪ ਜੀ ਆਪਣੀਆਂ ਹੁਣ ਏਨੀਆਂ ਬਰਾਂਚਾ ਬਣਾ ਲਈਆਂ ਹਨ ਕਿ ਆਪ ਜੀ ਨੂੰ ਕਿਤੇ ਜਾਣ ਦੀ ਜਰੂਰਤ ਨਹੀਂ । ਆਪ ਜੀ ਦਿਨ ਚੋਗਣੀ ਰਾਤ ਅਠੋਗਣੀ ਤਰੱਕੀ ਕਰ ਰਹੇ ਨੇ । ਆਪ ਜੀ ਕਦੇ ਨਹੀਂ ਮਰ ਸਕਦੇ ਆਪ ਜੀ ਅਮਰ ਹੋ ਗਏ ਹੋ । ਕਿਉਂਕਿ ਜੇ ਆਪ ਜੀ ਨਰਕਵਾਸੀ ਹੋ ਵੀ ਗਏ ਤਾਂ ਆਪ ਜੀ ਦੀਆਂ ਬਹੁਤ ਸਾਰੀਆਂ ਨਜ਼ਾਇਜ਼ ਔਲਾਦਾਂ,ਆਪ ਜੀ ਦੇ ਨਸੇੜੀ ਚੇਲੇ ਬਾਲਕੇ ਯਾਰ ਦੋਸਤ, ਆਪ ਜੀ ਦਾ ਕਮਾਇਆ ਹੋਇਆ ਨਾਮ ਖਤਮ ਨਹੀਂ ਹੋਣ ਦੇਣਗੇ । ਚਾਹੇ ਸੂਬਾ ਖਤਮ ਹੋ ਜਾਵੇ ।

****

ਜੂਆ

ਟੀ.ਵੀ. ਚ ਮਹਾਂਭਾਰਤ ਨਾਂ ਦਾ ਸੀਰੀਅਲ ਚੱਲ ਰਿਹਾ ਸੀ । ਮੈਂ ਵੇਖ ਕੇ ਹੈਰਾਨ ਹੋ ਗਿਆ । ਇਸ ਐਪੀਸੋਡ ਚ ਕੌਰਵਾਂ ਨਾਲ ਪਾਂਡਵ ਜੂਆ ਖੇਡਣ ਲੱਗੇ ਤਾਂ ਉਹਨਾਂ ਨੂੰ ਪਾਸੇ ਬੈਠਣ ਲਈ ਕਹਿ ਕੇ ਖੁਦ ਦਰੋਪਤੀ ਜੂਆ ਖੇਡਣ ਲੱਗ ਪਈ ਸੀ । ਉਹ ਵੀ ਪਾਂਡਵਾਂ ਵਾਂਗ ਜੂਏ ਚ ਸਭ ਕੁੱਝ ਹਾਰ ਗਈ ਤੇ ਖੜੀ ਹੋ ਗਈ ਤੇ ਬੋਲੀ ।
“ਮੇਰੇ ਕੋਲ ਕੁੱਝ ਨਹੀਂ ਬਚਿਆ ਮੈਂ ਹਾਰ ਗਈ ।”
“ਤੂੰ ਖੜੀ ਕਿਉਂ ਹੋ ਗਈ ਤੇਰੇ ਤਾਂ ਪੰਜ ਪੰਜ ਪਤੀ ਨੇ ਤੂੰ ਇਹਨਾਂ ਨੂੰ ਦਾਅ ਤੇ ਲਾਅ ।”ਇਕ ਆਵਾਜ਼ ਆਈ ।
“ਮੈਂ ਏਨੀ ਬੇਗੈਰਤ ਤੇ ਬੇਵਕੂਫ ਨਹੀਂ ਜਿਹੜਾ ਆਪਣੇ ਜੀਵਨ ਸਾਥੀ ਨੂੰ ਦਾਅ ਤੇ ਲਾ ਦੇਵਾਂ,ਇਹ ਜੂਆ ਵੀ ਇਹਨਾਂ ਨੂੰ ਸਬਕ ਸਿਖਾਉਣ ਲਈ ਖੇਡ ਰਹੀ ਸੀ ।”ਉਸਨੇ ਆਪਣੇ ਪੰਜੇ ਪਤੀਆਂ ਵੱਲ ਗੁੱਸੇ ਨਾਲ ਵੇਖਿਆ ਤੇ ਉਹ ਨੀਵੀਂ ਪਾਈ ਬੈਠੇ ਸਨ ।

****

ਰੌਂਗ ਨੰਬਰ

ਇਕ ਦਿਨ ਮੇਰੇ ਮੋਬਾਈਲ ਤੇ ਮੈਨੂੰ ਕਿਸੇ ਦਾ ਫੋਨ ਆਇਆ ਤੇ ਮੈਂ ਹੈਲੋ ਹੈਲੋ ਕਰੀ ਜਾਂਵਾ ਤੇ ਉਹ ਦੋ ਲੋਕ ਆਪਸ ਚ ਗੱਲਾਂ ਕਰ ਰਹੇ ਸੀ ਸ਼ਾਇਦ ਉਹਨਾਂ ਨੂੰ ਮੇਰੀ ਆਵਾਜ਼ ਸੁਣਾਈ ਨਹੀਂ ਦੇ ਰਹੀ ਸੀ ।
“ਹੈਲੋ ਯਾਰ ਕੋਈ ਖਬਰ ਖੂਬਰ ਆਈ ਜਾਂ ਬਣਾਈ …।?”ਇਕ ਨੇ ਪੁਛਿਆ
“ਨਹੀਂ ਕੋਈ ਖਬਰ ਖੂਬਰ ਨਹੀਂ,ਮੈਂ ਤਾਂ ਆਪ ਵਿਹਲਾ ਹੀ ਬੈਠਾਂ ।”
“ਕੋਈ ਪ੍ਰੈਸ ਨੋਟ,ਕੋਈ ਦੜੇ ਸੱਟੇ ਵਾਲਿਆਂ ਦੀ ਖਬਰ,ਕੋਈ ਚੂਰਾ ਪੋਸਤ ਦੀ,ਕੋਰੀ ਸ਼ਰਾਬ ਫੜੀਦੀ…।।?
“ਯਾਰ ਵਿਹਲੇ ਬੈਠੇ ਆਂ,ਗਰਮੀ ਬਹੁਤ ਹੋ ਗਈ ਆ,ਜੇ ਕੋਈ ਖਬਰ ਜਾਂ ਪ੍ਰੈਸ ਨੋਟ ਹੋਇਆ ਤਾਂ ਭੇਜ ਦੇਵਾਂਗਾ ।”
“ਲੈ ਬਣ ਗਈ ਖਬਰ,ਗਰਮੀ ਨੇ ਆਪਣੀ ਗਰਮਾਹਟ ਵਿਖਾਈ ਲੋਕ ਪਰੇਸ਼ਾਨ ।”
“ਵਾਹ ਵਾਹ ਤੁਸੀਂ ਬੜੇ ਦਿਮਾਗੀ ਹੋ ਜੀ ਮਿੰਟੋ ਮਿੰਟੀ ਖਬਰ ਬਣਾਤੀ ।”
ਤੇ ਫੋਨ ਕਟਿਆ ਗਿਆ ਦੂਸਰੇ ਦਿਨ ਸਵੇਰੇ ਮੈਂ ਅਖਬਾਰ ਪੜ ਇਹਾ ਸੀ ਤਾਂ ਲੋਕਲ ਪੇਜ਼ ਤੇ ਖਬਰ ਸੀ “ਗਰਮੀ ਨੇ ਗਰਮਾਹਟ ਵਿਖਾਈ ਲੋਕ ਪਰੇਸ਼ਾਨ ।” ਤੇ ਮੈਨੂੰ ਪਤਾ ਲੱਗ ਗਿਆ ਇਹ ਰੌਂਗ ਨੰਬਰ ਕੀਹਦਾ ਸੀ ।
****

ਚਿੱਠੀ

ਮੈਂ ਖੁਦ ਨੂੰ ਆਜ਼ਾਦ ਤਦ ਸਮਝਾਂਗੀ ਜਦੋਂ ਸਭ ਦੇ ਸਾਹਮਨੇ ਆਏਂ ਹੀ ਗਲ ਨਾਲ ਲੱਗ ਸਕਾਂਗੀ ਇਸ ਗੱਲ ਤੋਂ ਬੇਪ੍ਰਵਾਹ ਕਿ ਤੂੰ ਇਕ ਮੁੰਡਾ ਏਂ ਤੇ ਇਸਦੀ ਫਿਕਰ ਨਹੀਂ ਹੋਵੇਗੀ ਕਿ ਦੁਨੀਆਂ ਕੀ ਕਹੇਗੀ …? ਜਾਂ ਕਿ ਵਿਗੜ ਜਾਵੇਗੀ ਭੋਲੀ ਭਾਲੀ ਕੁੜੀ ਦੀ ਛਵੀ,ਚੁੰਮ ਸਕਾਂਗੀ ਤੇਰਾ ਮੱਥਾ ਜਾਂ ਤੇਰੇ ਬੁੱਲ ਬਿਨਾਂ ਇਸ ਗੱਲ ਦੇ ਡਰੇ ਕਿ ਜੋੜ ਦਿੱਤਾ ਜਾਵੇਗਾ ਤੇਰਾ ਨਾਂ ਮੇਰੇ ਨਾਂ ਨਾਲ ਨਾਲ ਤੇ ਨਾਂ ਲੈਂਦਿਆਂ ਲੋਕਾਂ ਦੇ ਚੇਹਰੇ ਤੇ ਤੈਰਦੀ ਹੋਵੇਗੀ ਗੰਦੀ ਮੁਸਕਰਾਹਟ ਜਦੋਂ ਮੇਰੇ ਤੇ ਤੇਰੇ ਰਿਸ਼ਤੇ ਕੋਈ ਫਰਕ ਨਹੀਂ ਪਵੇਗਾ ਤੇਰੇ ਤੇ ਮੇਰੇ ਵਿਆਹ ਤੋਂ ਬਾਅਦ ਤੂੰ ਇੰਝ ਹੀ ਮਿਲੇਂਗਾ ਜਿਵੇ ਮੈਨੂੰ ਅੱਜ ਮਿਲਦਾਂ ਏਂ ਹਰ ਰਾਤ ਗੱਪਾਂ ਮਾਰਾਂਗੇ,ਬਹਿਸ ਕਰਾਂਗੇ ਸਮਾਜ,  ਧਰਮ,ਰਾਜਨੀਤੀ ਤੇ ਰਿਸ਼ਤਿਆਂ ਦੀਆਂ ਤੇ ਇਸਨੂੰ ਤੇਰੇ ਤੇ ਮੇਰੇ ਜੀਵਨ ਸਾਥੀ ਦੇ ਪ੍ਰਤੀ ਆਪਣੀ ਬੇਵਫਾਈ ਨਹੀਂ ਮੰਨਿਆ ਜਾਵੇਗਾ ਵਾਦਾ ਕਰੋ ਦੋਸਤ ਤੂੰ ਮੇਰਾ ਸਾਥ ਦੇਵੇਂਗਾ ਚਾਹੇ ਇਹ ਸਮਾਂ ਆਉਂਦੇ ਆਉਂਦੇ ਆਪਾਂ ਬੁੱਢੇ ਹੀ ਕਿਉਂ ਨਾ ਹੋ ਜਾਈਏ,ਖਤਮ ਵੀ ਕਿਉਂ ਨਾ ਹੋ ਜਾਈਏ ਪਰ ਕੁੱਝ ਉਮੀਦਾਂ ਦੇ ਲਈ ਉਸ ਦੁਨੀਆ ਚ ਜਿੱਥੇ ਰਿਵਾਜ਼ ਹੈ ਚੀਜ਼ਾਂ ਨੂੰ ਸਾਂਚੇ ਚ ਢਾਲਣ ਦਾ ਦੋਸਤੀ ਤੇ ਪਿਆਰ ਨੂੰ ਪਰਿਭਾਸ਼ਾਵਾਂ ਤੋਂ ਆਜ਼ਾਦੀ ਮਿਲੇ । ਮੈਂ ਇਹ ਸੱਚ ਲਿਖ ਦਿੱਤਾ ਹੈ ਮੇਰੇ ਚ ਸੱਚ ਕਹਿਣ ਦੀ ਹਿੰਮਤ ਹੈ ਹੁਣ ਕਾਗਜ਼ਾਂ ਚ ਨਹੀਂ ਅਸਲ ਚ ਬਰਾਬਰੀ ਚਾਹੁੰਦੀ ਹਾਂ । ਬਹੁਤ ਹੋ ਗਿਆ ਹੁਣ । ਤੇਰੇ ਜਵਾਬ ਦੀ ਜਰੂਰਤ ਨਹੀਂ ਤੈਨੂੰ ਦੱਸਣ ਲਈ ਲਿਖਿਆ ਹੈ ।
****

ਸੁਨੇਹਾ

ਮੈਂ ਕੋਈ ਲੀਡਰ ਨਹੀਂ ਜਿਹੜਾ ਲਾਰੇ ਲਾਵਾਂ
ਮੈਂ ਨਾ ਮਰਦ ਹਾਂ,ਨਾ ਹੀ ਮੈਂ ਔਰਤ ਹਾਂ
ਨਾ ਮੈਂ ਕੋਈ ਪੰਛੀ ਹਾਂ,ਨਾ ਹੀ ਮੈਂ ਕੋਈ ਜਾਨਵਰ
ਹਾਂ ਸੱਚ ਮੇਰਾ ਕੋਈ ਧਰਮ ਨਹੀਂ,ਮੇਰੀ ਕੋਈ ਜਾਤ-ਪਾਤ ਨਹੀਂ
ਨਾ ਮੈਂ ਬੇਈਮਾਨ ਹਾਂ,ਨਾ ਲਾਲਚੀ ਹਾਂ,ਨਾ ਮੈਂ ਸਾਧ ਹਾਂ,ਨਾ ਕੋਈ ਬਾਬਾ ਪੀਰ ਫਕੀਰ
ਪਰ ਤੁਹਾਡੇ ਹਰ ਸਾਹ ਚ ਮੇਰਾ ਅਹਿਮ ਰੋਲ ਹੈ,ਮੈਂ ਤੁਹਾਡਾ ਹਮਸਫਰ,ਜੀਵਨ ਸਾਥੀ ਹਾਂ
ਮੇਰੇ ਅੰਦਰ ਜੋ ਦੱਬੀ ਅੱਗ ਹੈ,ਉਹ ਫਲਾਂ ਤੇ ਫੁੱਲਾਂ ਨੂੰ ਜਨਮ ਦਿੰਦੀ ਹੈ
ਮੈਨੂੰ ਮੇਰੀ ਧਰਤ ਮਾਂ ਨਾਲੋਂ ਨਾ ਵੱਖ ਕਰੋ ਮੈਨੂੰ ਵੱਧ ਤੋਂ ਵੱਧ ਲਗਾਉ
ਹਾਂ ਸੱਚ ਜਿਸ ਕਾਗਜ਼ ਤੇ ਕੰਡੇ ਦਾ ਕੰਡਾ ਲਿਖਿਆ ਹੈ ਇਹ ਕਾਗਜ਼ ਮੇਰਾ ਹੀ ਬਣਿਆ ਹੈ

****

ਘਰੇਲੂ ਗੈਸ ਦੀ ਇੱਕੀ ਦਿਨ ਪਹਿਲਾਂ ਬੁਕਿੰਗ ਦਾ ਕੋਈ ਕਾਨੂੰਨ ਨਹੀਂ

ਜੇ ਤੁਹਾਡੇ ਕੋਲ ਘਰੇਲੂ ਗੈਸ ਕਨੈਕਸ਼ਨ ਹੈ ਤੇ ਤੁਸੀਂ ਆਪਣੀ ਗੈਸ ਏਜੰਸੀ ਤੋਂ ਸਲੰਡਰ ਖਤਮ ਹੋਣ ਤੇ ਜਾਂ ਇੱਕੀ ਦਿਨਾਂ ਬਾਅਦ ਬੁੱਕ ਕਰਵਾਉਣ ਦੀ ਕੋਈ ਜਰੂਰਤ ਨਹੀਂ ਮੰਨ ਲਉ ਤੁਸੀਂ ਅੱਜ ਹੀ ਘਰੇਲੂ ਗੈਸ ਸਲੰਡਰ ਭਰਵਾਇਆ ਹੈ ਤੇ ਤੁਸੀਂ ਅਗਲੇ ਦਿਨ ਹੀ ਆਪਣੀ ਬੁਕਿੰਗ ਕਰਵਾ ਸਕਦੇ ਹੋ ਕਿਸੇ ਵੀ ਗੈਸ ਕੰਪਨੀ ਜਾਂ ਗੈਸ ਏਜੰਸੀ ਦਾ ਕੋਈ ਵੀ ਕਾਨੂੰਨ ਨਹੀਂ ਹੈ ਇੱਕੀ ਦਿਨ ਜਾਂ ਅਠਾਰਾਂ ਦਿਨ ਪਹਿਲਾਂ ਬੁਕਿੰਗ ਕਰਵਾਉ । ਇਹ ਸਭ ਗੈਸ ਏਜੰਸੀ ਵਾਲਿਆਂ ਦੇ ਆਪਣੇ ਹੀ ਠਕਠਕੇ ਤੇ ਆਪਣੇ ਹੀ ਕਾਨੂੰਨ ਬਣਾਏ ਹੋਏ ਨੇ । ਹਾਂ ਸੱਚ ਜਰੂਰੀ ਗੱਲ ਜੇ ਤੁਸੀਂ ਕਿਸੇ ਵੀ ਕੰਪਨੀ ਦਾ ਗੈਸ ਸਲੰਡਰ ਲੈਣਾ ਹੋਵੇ ਉਹ ਬਲੈਕ ਚ ਸਰੇਆਮ ਮਿਲ ਰਹੇ ਨੇ,ਪਰ ਗੈਸ ਕਨੈਕਸ਼ਨ ਵਾਲਿਆਂ ਨੂੰ ਬੁਕਿੰਗ ਕਰਵਾਉਣ ਤੇ ਵੀ ਨਹੀਂ ਮਿਲਦੇ । ਸਾਰਾ ਕਸੂਰ ਲੋਕਾਂ ਦਾ ਹੈ ਜਿਹੜੇ ਕੁੰਭਕਰਨੀ ਨੀਂਦ ਸੁੱਤੇ ਹੋਏ ਨੇ । ਲੋਕ ਪਰੇਸ਼ਾਨ ਨੇ,ਉਪਰੋਂ ਗਰਮੀ ਹੈ ਸਾਡਾ ਪ੍ਰਸ਼ਾਸ਼ਣ ਸਭ ਕੁੱਝ ਜਾਣਦਾ ਹੋਇਆ ਵੇਖਦਾ ਹੋਇਆ ਕੱਖ ਨਹੀਂ ਕਰ ਰਿਹਾ ਹੈ । ਸਰਕਾਰ ਕੋਈ ਵੀ ਹੋਵੇ ਪਰੇਸ਼ਾਨ ਤਾਂ ਆਮ ਜਨਤਾ ਹੋ ਰਹੀ ਹੈ ਤੇ ਹੁੰਦੀ ਰਹੇਗੀ । ਲੋਕੋ ਆਪਾਂ ਨੂੰ ਗੂੜੀ ਨੀਂਦ ਤੋਂ ਜਾਗਨ ਦੀ ਜਰੂਰਤ ਹੈ ਬਹੁਤ ਸੌਂ ਲਿਆ ।